ਭੱਟੀਵਾਲ ਕਲਾਂ ਵਿਖੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ਹਮਲਾ ਕਰ ਕੇ ਪਿੰਡ ਦੇ ਹੀ ਇਕ ਨੌਜਵਾਨ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ ਗਿਆ
ਭਵਾਨੀਗੜ੍ਹ, 1 ਮਈ (ਗੁਰਪ੍ਰੀਤ ਸਿੰਘ ਸਕਰੌਦੀ) : ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ਹਮਲਾ ਕਰ ਕੇ ਪਿੰਡ ਦੇ ਹੀ ਇਕ ਨੌਜਵਾਨ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ ਗਿਆ, ਜੋ ਅੱਜ ਸਵੇਰੇ ਇਲਾਜ ਦੌਰਾਨ ਦਮ ਤੋੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਉਰਫ਼ ਬਿੱਟੂ ਪੁੱਤਰ ਗੁਰਮੇਲ ਸਿੰਘ ਵਾਸੀ ਭੱਟੀਵਾਲ ਕਲਾਂ ਬੀਤੀ ਰਾਤ ਆ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਦੇ ਖ਼ਰੀਦ ਕੇਂਦਰ ਨੇੜੇ ਕੁੱਝ ਵਿਅਕਤੀਆਂ ਨੇ ਇਸ ਦੀ ਕਾਰ ਨੂੰ ਘੇਰ ਕੇ ਹਮਲਾ ਕਰ ਦਿਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਨੌਜਵਾਨ ਨੂੰ ਇਲਾਜ ਲਈ ਸੰਗਰੂਰ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਅੱਜ ਸਵੇਰੇ ਉਸ ਨੇ ਦਮ ਤੋੜ ਦਿਤਾ। ਥਾਣਾ ਮੁਖੀ ਭਵਾਨੀਗੜ੍ਹ ਰਮਨਦੀਪ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਚਚੇਰੇ ਭਰਾ ਪਰਮਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਮ੍ਰਿਤਕ ਨੌਜਵਾਨ ਦਾ ਵੱਡਾ ਭਰਾ ਲਖਵੀਰ ਸਿੰਘ ਕੁੱਝ ਸਾਲ ਪਹਿਲਾਂ ਇਕ ਕਤਲ ਕੇਸ ਵਿਚ ਜੇਲ ਵਿਚ ਬੰਦ ਹੋ ਗਿਆ ਸੀ। ਬਾਅਦ ਵਿਚ ਉਸ ਦੀ ਪਤਨੀ ਲਵਪ੍ਰੀਤ ਕੌਰ ਦੇ ਪਿੰਡ ਦੇ ਇਕ ਵਿਅਕਤੀ ਮਨਪ੍ਰੀਤ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ ਸਨ। ਪਰ ਮ੍ਰਿਤਕ ਵਰਿੰਦਰ ਸਿੰਘ ਇਸ ਦਾ ਵਿਰੋਧ ਕਰਦਾ ਸੀ। ਇਸੇ ਦੌਰਾਨ ਲਖਵੀਰ ਸਿੰਘ ਵੀ ਜੇਲ ਤੋਂ ਬਾਹਰ ਆ ਗਿਆ।
ਲਖਵੀਰ ਸਿੰਘ ਨੇ ਅਪਣੀ ਪਤਨੀ ਨਾਲ ਸਹਿਮਤੀ ਕਰ ਕੇ ਅਪਣੇ ਭਰਾ ਦੀ ਜ਼ਮੀਨ ਹੜੱਪਣ ਦੇ ਲਾਲਚ ਵਿਚ ਮਨਪ੍ਰੀਤ ਸਿੰਘ ਵਗੈਰਾ ਨਾਲ ਮਿਲਕੇ ਵਰਿੰਦਰ ਸਿੰਘ ਨੂੰ ਖ਼ਤਮ ਕਰਨ ਦੀ ਸਕੀਮ ਬਣਾਈ। ਇਸੇ ਤਹਿਤ ਮਨਪ੍ਰੀਤ ਸਿੰਘ, ਬਹਾਦਰ ਸਿੰਘ, ਗਗਨਦੀਪ ਸਿੰਘ ਗੱਗੀ, ਹਰਪ੍ਰੀਤ ਸਿੰਘ ਸਾਰੇ ਵਾਸੀ ਭੱਟੀਵਾਲ ਕਲਾਂ ਨੇ ਬੀਤੀ ਸ਼ਾਮ ਵਰਿੰਦਰ ਸਿੰਘ ਉਰਫ਼ ਬਿੱਟੂ ਉਤੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿਤਾ। ਪੁਲਿਸ ਨੇ ਪਰਮਿੰਦਰ ਸਿੰਘ ਦੇ ਬਿਆਨ ਦੇ ਆਧਾਰ ਉਤੇ ਮ੍ਰਿਤਕ ਦੇ ਭਰਾ, ਭਰਜਾਈ ਅਤੇ ਉਕਤ ਚਾਰ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।