ਸਫ਼ਾਰਤਖ਼ਾਨਿਆਂ ਦੀ ਸਹਾਇਤਾ ਨਾਲ ਸਾਰੇ ਮਸਲਿਆਂ ਦਾ ਕਰਨਗੇ ਹੱਲ : ਰਾਣਾ ਸੋਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਲਈ ਆਨਰੇਰੀ ਕੋਆਰਡੀਨੇਟਰ ਨਿਯੁਕਤ ਕੀਤੇ

File Photo

ਚੰਡੀਗੜ੍ਹ, 1 ਮਈ (ਸਪੋਕਸਮੈਨ ਸਮਾਚਾਰ ਸੇਵਾ) : ਵਿਸ਼ਵ ਭਰ ਵਿਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਜਿਨ੍ਹਾਂ ਵਿਚ ਵਿਦਿਆਰਥੀ ਵੀ ਸ਼ਾਮਲ ਹਨ, ਦੀਆਂ ਮੁਸ਼ਕਲਾਂ ਦੂਰ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਕੋਆਰਡੀਨੇਟਰਾਂ ਦੀ ਨਿਯੁਕਤੀ ਨਾਲ ਉਨ੍ਹਾਂ (ਪ੍ਰਵਾਸੀ ਪੰਜਾਬੀਆਂ) ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ.ਆਰ.ਆਈਜ਼, ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਦੌਰਾਨ ਯਾਤਰਾ ਪਾਬੰਦੀਆਂ ਕਰ ਕੇ ਬਹੁਤ ਸਾਰੇ ਪ੍ਰਵਾਸੀ ਭਾਰਤੀ ਵਿਦੇਸ਼ਾਂ ਜਾਂ ਭਾਰਤ ਵਿਚ ਫਸ ਗਏ ਹਨ। ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਇਸ ਸਬੰਧ ਵਿਚ 9 ਰਾਜਾਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ ਤਾਂ ਜੋ ਇਨ੍ਹਾਂ ਐਨ.ਆਰ.ਆਈਜ਼ ਨੂੰ ਲੋੜੀਂਦੀ ਸਹਾਇਤਾ ਅਤੇ ਸਲਾਹ ਦੇਣ ਸਬੰਧੀ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਸਕਣ।

ਵਿਦੇਸ਼ ਮੰਤਰਾਲੇ ਨੂੰ ਇਹ ਵੀ ਪਤਾ ਹੈ ਕਿ ਐਨ.ਆਰ.ਆਈਜ਼ ਨੂੰ ਤਾਲਾਬੰਦੀ ਖ਼ਤਮ ਹੋਣ 'ਤੇ ਭਾਰਤ ਵਾਪਸ ਆਉਣ ਤੋਂ ਬਾਅਦ ਆਰਥਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਅਸੀਂ ਪ੍ਰਵਾਸੀ ਪੰਜਬੀਆਂ ਨੂੰ ਇਨ੍ਹਾਂ ਆਨਰੇਰੀ ਕੋਆਰਡੀਨੇਟਜ਼ ਨਾਲ ਜੋੜਨ ਦੀ ਪਹਿਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ। ਇਨ੍ਹਾਂ ਕੋਆਰਡੀਨੇਟਰਾਂ ਨੂੰ ਐਨ.ਆਰ.ਆਈ. ਕਮਿਸ਼ਨ ਰਾਹੀਂ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ/ਸਮੱਸਿਆਵਾਂ ਨੂੰ ਹੱਲ ਕਰਨ ਦੀ ਦਿਸ਼ਾ ਵਿਚ ਕਾਰਜ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ।

ਇਨ੍ਹਾਂ ਆਨਰੇਰੀ ਕੋਆਰਡੀਨੇਟਰਾਂ ਦੇ ਕੰਮ ਬਾਰੇ ਦਸਦਿਆਂ ਮੰਤਰੀ ਨੇ ਕਿਹਾ ਕਿ ਕੋਆਰਡੀਨੇਟਰਜ਼ ਵਿਦੇਸ਼ਾਂ ਵਿਚ ਵੱਖ-ਵੱਖ ਸਫ਼ਾਰਤਖਾਨਿਆਂ ਵਿਚਲੇ ਨੋਡਲ ਅਫ਼ਸਰਾਂ ਦੇ ਸੰਪਰਕ ਵਿਚ ਹਨ ਅਤੇ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਸਮੱਸਿਆਵਾਂ/ਮੁੱਦਿਆਂ ਨੂੰ ਉਠਾ ਰਹੇ ਹਨ। ਰਾਣਾ ਸੋਢੀ ਨੇ ਕਿਹਾ ਕਿ ਜੇ ਕੋਈ ਐਨਆਰਆਈ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਮੇਲ ਆਈ.ਡੀ sportsministerpunjab0gmail.com  'ਤੇ ਸੰਪਰਕ ਕਰ ਸਕਦਾ ਹੈ।

 ਉਨ੍ਹਾਂ ਕਿਹਾ ਕਿ  ਐਨ.ਆਰ.ਆਈਜ਼ ਨਾਲ ਸਬੰਧਤ ਕਿਸੇ ਵੀ ਮਾਮਲੇ ਲਈ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ, ਆਈ.ਏ.ਐੱਸ. ਨਾਲ ਵੀ ਮੇਲ ਆਈ.ਡੀ. psnri0gmail.com  'ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੁਨੀਆ ਭਰ ਵਿਚ ਰਹਿੰਦੇ ਪੰਜਾਬੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਰਾਣਾ ਸੋਢੀ ਨੇ ਵਿਦੇਸ਼ਾਂ ਵਿਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੋਆਰਡੀਨੇਟਰਾਂ ਅਤੇ ਭਾਰਤੀ ਸਫ਼ਾਰਤਖਾਨਿਆਂ ਨਾਲ ਵੀ ਸੰਪਰਕ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੇ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਪੰਜਾਬ ਵਿਚ ਵਸਦੇ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਦੇ ਵੇਰਵਿਆਂ ਨਾਲ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਨ।