ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਪੀਪੀਈ ਕਿੱਟਾਂ ਪਾ ਕੇ ਸ਼ਰਧਾਲੂਆਂ ਨੂੰ ਛਕਾਇਆ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਚਲਦਿਆਂ ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ

File Photo

ਪਟਿਆਲਾ, 1 ਮਈ (ਤੇਜਿੰਦਰ ਫ਼ਤਿਹਪੁਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਚਲਦਿਆਂ ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਇਕਾਂਤਵਾਸ ਮਾਤਾ ਨਾਨਕੀ ਨਿਵਾਸ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਪੀਪੀਈ ਕਿੱਟਾਂ ਪਹਿਨਕੇ ਲੰਗਰ ਛਕਾਇਆ ਗਿਆ।

ਇਸ ਮੌਕੇ ਮੈਨੇਜਰ ਕਰਨੈਲ ਸਿੰਘ ਸਿੰਘ ਨਾਭਾ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਜਾਰੀ ਕੀਤੀਆਂ ਹਦਾਇਤਾਂ ਬਾਅਦ ਸ਼ਰਧਾਲੂਆਂ ਦੀ ਸੇਵਾ ਸੰਭਾਲ ਤੋਂ ਇਲਾਵਾ ਲੰਗਰ ਸੇਵਾ ਨਿਰਵਿਘਨ ਜਾਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ ਅਤੇ ਸਰਾਵਾਂ 'ਚ ਸ਼ਰਧਾਲੂਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤਕ ਲੰਗਰ ਤੋਂ ਇਲਾਵਾ ਫਲ ਫਰੂਟ ਅਤੇ ਸਾਫ਼ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਹਰ ਸੰਭਵ ਸਹਿਯੋਗ ਸ਼੍ਰੋਮਣੀ ਕਮੇਟੀ ਵਲੋਂ ਦਿਤਾ ਜਾ ਰਿਹਾ ਹੈ।
ਇਕਾਂਤਵਾਸ ਕੀਤੇ ਸ਼ਰਧਾਲੂਆਂ ਨੇ ਗੁਰਦੁਆਰਾ ਪ੍ਰਬੰਧਕਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਇੰਤਜ਼ਾਮ 'ਤੇ ਤਸੱਲੀ ਪ੍ਰਗਟ ਕਰਦਿਆਂ ਲੰਗਰ ਸੇਵਾਵਾਂ ਦੇ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ, ਗੁਰਦੁਆਰਾ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਧਨਵਾਦ ਕਰਦਿਆਂ ਕਿਹਾ ਕਿ ਇਕਾਂਤਵਾਸ ਦੌਰਾਨ ਸੰਗਤਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਘਰ ਪਹੁੰਚ ਕੇ ਅਪਣਿਆਂ ਵਰਗਾ ਅਹਿਸਾਸ ਮਹਿਸੂਸ ਹੋ ਰਿਹਾ ਹੈ।
ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦਸਿਆ ਕਿ ਦੇਰ ਰਾਤ ਤਕ ਸ਼ਰਧਾਲੂਆਂ ਦੀ ਇਕ ਹੋਰ ਬਸ ਪਰਤਣ ਤੋਂ ਬਾਅਦ ਇਕਾਂਤਵਾਸ ਮਾਤਾ ਨਾਨਕੀ ਨਿਵਾਸ ਵਿਖੇ ਸ਼ਰਧਾਲੂਆਂ ਦੀ ਗਿਣਤੀ 104 ਹੋ ਗਈ ਹੈ। ਉਨ੍ਹਾਂ ਦਸਿਆ ਕਿ ਡਾਕਟਰੀ ਟੀਮ ਵਲੋਂ ਉਨ੍ਹਾਂ ਦੇ ਸੈਂਪਲ ਜਾਂਚ ਲਈ ਲੈ ਗਏ ਹਨ। ਇਸ ਮੌਕੇ ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ, ਅਮਰਪਾਲ ਸਿੰਘ, ਗੁਰਦੀਪ ਸਿੰਘ, ਆਤਮ ਪ੍ਰਕਾਸ ਸਿੰਘ ਆਦਿ ਹਾਜ਼ਰ ਸਨ।