ਨਵੀਂ ਦਿੱਲੀ, 1 ਮਈ : ਸਬਸਿਡੀ ਰਹਿਤ ਰਸੋਈ ਗੈਸ ਸਲੰਡਰ ਸ਼ੁਕਰਵਾਰ ਤੋਂ 162.50 ਰੁਪਏ ਸਸਤਾ ਹੋ ਗਿਆ। ਬੀਤੇ ਦਿਨਾਂ ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀ ਕੀਮਤ ਡਿੱਗਣ ਕਾਰਨ ਇਹ ਲਗਾਤਾਰ ਤੀਜੇ ਮਹੀਨੇ ਰਸੋਈ ਗੈਸ ਸਲੰਡਰ ਦੀ ਕੀਮਤ ਵਿਚ ਕਮੀ ਕੀਤੀ ਗਈ ਹੈ। ਰਸੋਈ ਗੈਸ ਗਾਹਕਾਂ ਨੂੰ ਸਰਕਾਰ ਸਾਲ ਭਰ ਵਿਚ 14.2 ਕਿਲੋ ਦੇ 12 ਸਲੰਡਰਾਂ ਦੀ ਸਪਲਾਈ ਦਿੰਦੀ ਹੈ। ਜਿਹੜੇ ਗਾਹਕ ਇਸ ਤੋਂ ਵਧੇਰੇ ਸਲੰਡਰ ਖ਼ਰੀਦਦੇ ਹਨ ਜਾਂ ਜਿਨ੍ਹਾਂ ਅਪਣੀ ਸਬਸਿਡੀ ਛੱਡ ਦਿਤੀ ਹੈ, ਉਨ੍ਹਾਂ ਨੂੰ ਬਾਜ਼ਾਰ ਮੁਲ 'ਤੇ ਬਿਨਾਂ ਸਬਸਿਡੀ ਦੇ ਸਲੰਡਰ ਖ਼ਰੀਦਣਾ ਪੈਂਦਾ ਹੈ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਈ ਦੇਸ਼ਾਂ ਵਿਚ ਤਾਲਾਬੰਦੀ ਕੀਤੀ ਗਈ ਹੈ ਜਿਸ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀ ਮੰਗ ਘਟੀ ਹੈ ਅਤੇ ਕੀਮਤਾਂ ਰੀਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ। ਪਿਛਲੇ ਮਹੀਨੇ ਕੱਚਾ ਤੇਲ 15.98 ਡਾਲਰ ਪ੍ਰਤੀ ਬੈਰਲ ਦੇ ਰੀਕਾਰਡ ਹੇਠਲੇ ਪੱਧਰ 'ਤੇ ਚਲਾ ਗਿਆ ਸੀ। ਇਹ ਦੋ ਦਹਾਕਿਆਂ ਵਿਚ ਕੱਚੇ ਤੇਲ ਦੀ ਸੱਭ ਤੋਂ ਘੱਟ ਕੀਮਤ ਰਹੀ। ਸ਼ੁਕਰਵਾਰ ਨੂੰ ਕੱਚਾ ਤੇਲ 26.43 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਸਰਕਾਰੀ ਤੇਲ ਕੰਪਨੀਆਂ ਮੁਤਾਬਕ ਸਬਸਿਡੀ ਰਹਿਤ ਸਲੰਡਰ ਦੀ ਕੀਮਤ ਦਿੱਲੀ ਵਿਚ ਹੁਣ 14.2 ਸਲੰਡਰ ਦੀ ਕੀਮਤ 581.50 ਰੁਪਏ ਰਹਿ ਜਾਵੇਗੀ। ਵੀਰਵਾਰ ਨੂੰ ਇਹ 744 ਰੁਪਏ ਸੀ।