ਪਾਜ਼ੇਟਿਵ ਕੇਸਾਂ ਦੀ ਗਿਣਤੀ ਹੋਈ 600 ਦੇ ਪਾਰ
ਪੰਜਾਬ 'ਚ ਕੋਰੋਨਾ ਦਾ ਕਹਿਰ ਤੇਜ਼ੀ ਨਾ ਵਧ ਰਿਹਾ ਹੈ। ਅੱਜ ਦੇਰ ਸ਼ਾਮ ਤਕ ਪਾਜ਼ੇਟਿਵ ਕੇਸਾਂ ਦੀ ਗਿਣਤੀ 600 ਤੋਂ ਪਾਰ ਹੋ ਗਈ।
ਚੰਡੀਗੜ੍ਹ, 1 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਦਾ ਕਹਿਰ ਤੇਜ਼ੀ ਨਾ ਵਧ ਰਿਹਾ ਹੈ। ਅੱਜ ਦੇਰ ਸ਼ਾਮ ਤਕ ਪਾਜ਼ੇਟਿਵ ਕੇਸਾਂ ਦੀ ਗਿਣਤੀ 600 ਤੋਂ ਪਾਰ ਹੋ ਗਈ। ਜ਼ਿਕਰਯੋਗ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਗਿਣਤੀ ਹੀ 200 ਦੇ ਕਰੀਬ ਹੋ ਗਈ ਹੈ। ਇਸ ਨਾਲ ਹੀ ਦੋ ਦਿਨਾਂ 'ਚ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਇਕ ਦਮ ਵਧ ਕੇ ਦੁਗਣਾ ਹੋਇਆ ਹੈ। ਹਾਲੇ ਲਗਾਤਾਰ ਸ਼ਰਧਾਲੂਆਂ ਦੀਆਂ ਰੀਪੋਰਟਾਂ ਆ ਰਹੀਆਂ ਹਨ।
ਹਜ਼ਾਰਾਂ ਸ਼ਰਧਾਲੂਆਂ ਦੇ ਸੈਂਪਲਾਂ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਹਨ। ਹੁਣ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਜ਼ਿਲ੍ਹਿਆਂ 'ਚ ਵਧੇਰੇ ਪਾਜ਼ੇਟਿਵ ਕੇਸ ਹਨ। ਅੱਜ ਸ਼ਾਮ ਤਕ 150 ਦੇ ਕਰਬੀ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ ਜ਼ਿਆਦਾ ਸ਼ਰਧਾਲੂ ਹੀ ਹਨ। ਜ਼ਿਲ੍ਹਾ ਪਟਿਆਲਾ 'ਚ 24 ਸ਼ਰਧਾਲੂਆਂ ਤੇ ਅੰਮ੍ਰਿਤਸਰ 'ਚ 50 ਤੋਂ ਵਧ ਸ਼ਰਧਾਲੂਆਂ ਦੇ ਨਵੇਂ ਕੇਸ ਸਾਹਮਣੇ ਆਏ ਹਨ। ਅੱਜ 4 ਮਰੀਜ਼ ਠੀਕ ਹੋਣ ਤੋਂ ਬਾਅਦ ਕੁੱਲ ਗਿਣਤੀ 108 ਹੋ ਗਈ ਹੈ। 4369 ਸੈਂਪਲਾਂ ਦੀਆ ਰੀਪੋਰਟਾਂ ਹਾਲੇ ਆਉਣੀਆਂ ਹਨ। ਜਲੰਧਰ ਤੇ ਅੰਮ੍ਰਿਤਸਰ 'ਚ ਅੰਕੜਾ 100 ਤੋਂ ਪਾਰ ਹੋ ਚੁੱਕਾ ਹੈ। ਪਟਿਆਲਾ ਤੇ ਮੋਹਾਲੀ ਵੀ 100 ਦੇ ਨੇੜੇ ਹਨ।