ਇਹ ਸਮਾਂ ਸਿਆਸਤ ਕਰਨ ਦਾ ਨਹੀਂ ਸਗੋਂ ਪੰਜਾਬ ਨੂੰ ਮਿਲ ਕੇ ਬਚਾਉਣ ਦਾ : ਕੈਪਟਨ
ਕਰਫ਼ਿਊ 'ਚ ਢਿਲ ਦੇਣ ਦਾ ਮਾਮਲਾ ਡਿਪਟੀ ਕਮਿਸ਼ਨਰਾਂ 'ਤੇ ਛਡਿਆ
ਚੰਡੀਗੜ੍ਹ•, 1 ਮਈ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫ਼ਿਊ ਤੇ ਲਾਕਡਾਊਨ ਪਾਬੰਦੀਆਂ 'ਚ ਢਿਲ ਦਾ ਮਾਮਲਾ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਤੇ ਛਡ ਦਿਤਾ ਹੈ ਅਤੇ ਡਿਪਟੀ ਕਮਿਸ਼ਨਰ ਇਸ ਸਬੰਧੀ ਅਪਣੇ ਪੱਧਰ 'ਤੇ ਪ੍ਰੋਗਰਾਮ ਤਿਆਰ ਕਰਨਗੇ। ਇਹ ਐਲਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਵਿਸ਼ੇਸ਼ ਸੰਬੋਧਨ ਦੌਰਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕੋਰੋਨਾ ਬੇਕਾਬੂ ਨਹੀਂ ਹੋਣ ਦਿਆਂਗੇ, ਬਾਹਰੋਂ ਆਏ ਰਹੇ ਲੋਕਾਂ ਕਾਰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਇਕਦਮ ਵਧਿਆ ਹੈ। ਉਨ੍ਹਾਂ ਸਿਆਸੀ ਪਾਰਟੀਆਂ ਤੋਂ ਕੋਰੋਨਾ ਵਿਰੁਧ ਜੰਗ 'ਚ ਸਹਿਯੋਗ ਮੰਗਦਿਆਂ ਕਿਹਾ ਕਿ ਇਹ ਸਮਾਂ ਸਿਆਸਤ ਦਾ ਨਹੀਂ ਸਗੋਂ ਪੰਜਾਬ ਨੂੰ ਬਚਾਉਣ ਦੀ ਸਾਂਝੀ ਲੜਾਈ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ 7000 ਤੋਂ ਵਧ ਯਾਤਰੂ, ਮਜ਼ਦੂਰ ਤੇ ਵਿਦਿਆਰਥੀ ਹਜ਼ੂਰ ਸਾਹਿਬ ਤੇ ਰਾਜਸਥਾਨ ਚੋਂ ਪੰਜਾਬ ਲਿਆਂਦੇ ਗਏ ਹਨ। ਇਨ੍ਹਾਂ ਵਿਚੋਂ 3525 ਸ਼ਰਧਾਲੂ, 3000 ਮਜ਼ਦੂਰ ਅਤੇ 153 ਵਿਦਿਆਰਥੀ ਹਨ, ਜਿਨ੍ਹਾਂ ਨੂੰ 21 ਦਿਨਾਂ ਲਈ ਇਕਾਂਤਵਾਸ ਭੇਜ ਕੇ ਕੋਰੋਨਾ ਦੇ ਟੈਸਟ ਕਰਵਾਏ ਜਾ ਰਹੇ ਹਨ। ਡਾਕਟਰਾਂ ਦੀ ਰੀਪੋਰਟ ਦੇ ਆਧਾਰ 'ਤੇ ਹੀ ਇਨ੍ਹਾਂ ਨੂੰ ਘਰ ਜਾਣ ਦੀ ਆਗਿਆ ਦਿਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਹੋਰਨਾਂ ਸੂਬਿਆਂ ਵਿਚ ਫਸੇ ਪੰਜਾਬੀਆਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ। ਪੰਜਾਬ ਵਿਚ ਫਸੇ ਮਜ਼ਦੂਰਾਂ ਅਤੇ ਹੋਰ ਲੋਕਾਂ ਨੂੰ ਵੀ ਅਪਣੇ ਸੂਬਿਆਂ ਵਿਚ ਜਾਣ ਦੀ ਖੁੱਲ੍ਹ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਕੋਲ ਇੰਨੇ ਸਾਧਨ ਨਹੀਂ, ਜਿਸ ਨਾਲ ਅਜਿਹੇ ਲੋਕਾਂ ਦੀ ਵਾਪਸੀ ਲਈ ਵਿਸ਼ੇਸ਼ ਰੇਲਾਂ ਚਲਾਉਣੀਆਂ ਚਾਹੀਦੀਆਂ ਹਨ ਜਾਂ ਫਿਰ ਸਬੰਧਤ ਸੂਬੇ ਅਪਣੀਆਂ ਬੱਸਾਂ ਭੇਜਣ।
ਮੁੱਖ ਮੰਤਰੀ ਨੇ ਪੰਜਾਬ 'ਚ ਪ੍ਰਬੰਧਾਂ ਦੀ ਕਮੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅਮਰੀਕਾ, ਇੰਗਲੈਂਡ ਅਤੇ ਇਟਲੀ ਵਰਗੇ ਦੇਸ਼ਾਂ 'ਚ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ ਜਿਥੇ ਮੈਡੀਕਲ ਤੇ ਹੋਰ ਪ੍ਰਬੰਧ ਬਹੁਤ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਸਿਆਸੀ ਬਿਆਨਬਾਜ਼ੀ ਦਾ ਕੋਈ ਫ਼ਾਇਦਾ ਨਹੀਂ। ਅਜਿਹੇ ਬਿਆਨ ਦੇਣ ਵਾਲਿਆਂ ਨੂੰ ਸਰਕਾਰ ਵਲੋਂ ਕੀਤੇ ਜਾ ਰਹੇ ਕੀਤੇ ਜਾ ਰਹੇ ਕੰਮਾਂ ਦੀ ਸਹੀ ਜਾਣਕਾਰੀ ਹੀ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨਵੀ ਇਤਿਹਾਸ ਦੀ ਇਕ ਉਦਾਹਰਨ ਸਾਂਝੀ ਕਰਦਿਆਂ ਦਸਿਆ ਕਿ ਜਦੋਂ ਬਰਤਾਨੀਆ ਜਰਮਨੀ ਵਿਰੁਧ ਜੰਗ ਲੜ ਰਿਹਾ ਸੀ ਤਾਂ ਕੰਜ਼ਰਵੇਟਿਵ ਪਾਰਟੀ ਦੇ ਤੱਤਕਾਲੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਲੇਬਰ ਪਾਰਟੀ ਦੇ ਕਲੈਮਿਟ ਐਟਲੀ ਨੂੰ ਆਪਣਾ ਡਿਪਟੀ ਪ੍ਰਧਾਨ ਮੰਤਰੀ ਨਿਯੁਕਤ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਜੰਗ ਸਿਰਫ਼ ਇਕਜੁੱਟਤਾ ਨਾਲ ਹੀ ਲੜ ਕੇ ਜਿੱਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਮੁਸ਼ਕਲ ਸਮੇਂ ਵਿਚੋਂ ਲੰਘ ਰਿਹਾ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਰਕਾਰ ਵਲੋਂ ਦੋ ਦਿਨਾਂ ਪਹਿਲਾਂ ਕਰਫ਼ਿਊ ਵਿਚ ਦਿਤੀ ਢਿੱਲ ਦੇ ਸਮੇਂ ਦੌਰਾਨ ਬਾਹਰ ਨਿਕਲਣ ਮੌਕੇ ਮਾਸਕ ਪਹਿਨਣ, ਹੱਥਾਂ ਦੀ ਸਫ਼ਾਈ ਅਤੇ ਸਮਾਜਕ ਦੂਰੀ ਸਮੇਤ ਸਾਰੇ ਇਹਤਿਆਦੀ ਕਦਮਾਂ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇ। ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕਰਫ਼ਿਊ ਵਿਚ ਦਿਤੀ ਢਿੱਲ ਅਗਲੇ ਕੁੱਝ ਦਿਨਾਂ ਵਿਚ ਸਹੀ ਢੰਗ ਨਾਲ ਸ਼ੁਰੂ ਹੋ ਜਾਵੇਗੀ
ਕਿਉਂਕਿ ਸਬੰਧਤ ਡਿਪਟੀ ਕਮਿਸ਼ਨਰ ਵਾਰੋ-ਵਾਰੀ ਚੋਣਵੀਆਂ ਦੁਕਾਨਾਂ ਖੋਲ੍ਹਣ ਲਈ ਇਲਾਕੇ ਅਨੁਸਾਰ ਅਪਣੀਆਂ ਯੋਜਨਾਵਾਂ ਤਿਆਰ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਡਾਕਟਰਾਂ ਅਤੇ ਮਾਹਰਾਂ ਵਲੋਂ ਦਿਤੀ ਸਲਾਹ/ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣ ਦਾ ਸੱਦਾ ਦਿਤਾ ਤਾਂ ਕਿ ਇਸ ਲਾਗ ਦੇ ਫ਼ੈਲਾਅ ਨੂੰ ਰੋਕਿਆ ਜਾ ਸਕੇ।