ਕਿਸਾਨਾਂ ਦੀ ਮੁਸ਼ੱਕਤ ਤੇ ਦੀਦੀ ਦੀ ਮਿਹਨਤ ਨੇ ਬੰਗਾਲ ਵਿਚ ਭਾਜਪਾ ਮੂਧੇ ਮੂੰਹ ਸੁੱਟੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਦੀ ਮੁਸ਼ੱਕਤ ਤੇ ਦੀਦੀ ਦੀ ਮਿਹਨਤ ਨੇ ਬੰਗਾਲ ਵਿਚ ਭਾਜਪਾ ਮੂਧੇ ਮੂੰਹ ਸੁੱਟੀ

image

ਮੋਦੀ ਤੇ ਸ਼ਾਹ ਸ਼ਾਹੀ ਖ਼ਰਚਾ ਅਤੇ ਜੰਗੀ ਮੋਰਚਾਬੰਦੀ ਕਰਨ ਮਗਰੋਂ 200 ਤੋਂ ਵੱਧ ਸੀਟਾਂ ਜਿੱਤਣ ਦਾ ਪ੍ਰਬੰਧ ਕਰ ਕੇ ਮੁੜੇ ਸਨ

ਕੋਲਕਾਤਾ, 2 ਮਈ : ਪਿਛਲੇ ਕਰੀਬ ਦੋ ਮਹੀਨਿਆਂ ਤੋਂ ਚੱਲ ਰਹੀ ਚੋਣ ਪ੍ਰਕਿਰਿਆ ਅੱਜ ਨਤੀਜੇ ਆਉਣ ਨਾਲ ਰੁਕ ਗਈ ਹੈ। ਇਹ ਚੋਣਾਂ ਪੰਜ ਰਾਜਾਂ ਪਛਮੀ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਤੇ ਪਾਂਡੂਚੇਰੀ ਵਿਚ ਹੋਈਆਂ ਸਨ ਜਿਨ੍ਹਾਂ ਦੇ ਨਤੀਜਿਆਂ ਦੇ ਰੁਝਾਨ ਅੱਜ ਸਵੇਰੇ ਆਉਣੇ ਸ਼ੁਰੂ ਹੋ ਗਏ ਸਨ। ਸ਼ਾਮ ਤਕ ਤਸਵੀਰ ਸਾਫ਼ ਹੋ ਗਈ। ਇਨ੍ਹਾਂ ਚੋਣ ਨਤੀਜਿਆਂ ਨੇ ਇਕ ਗੱਲ ਸਪੱਸ਼ਟ ਕਰ ਦਿਤੀ ਕਿ ਭਾਜਪਾ ਦਾ ਦੇਸ਼ ਅੰਦਰ ਗ੍ਰਾਫ਼ ਥੱਲੇ ਚਲਾ ਗਿਆ ਹੈ। ਵਿਸ਼ੇਸ਼ ਕਰ ਕੇ ਬੰਗਾਲ ਦੇ ਲੋਕਾਂ ਨੇ ਭਾਜਪਾ ਨੂੰ ਅਜਿਹੀ ਧੂੜ ਚਟਾਈ ਹੈ ਕਿ ਭਾਜਪਾ ਛੇਤੀ-ਛੇਤੀ ਉਭਰ ਨਹੀਂ ਸਕੇਗੀ। ਜਿਵੇਂ ਬੰਗਾਲ ਅੰਦਰ ਭਾਜਪਾ ਨੇ ਪੂਰਾ ਅਮਲਾ-ਫੈਲਾ, ਕੇਂਦਰੀ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ ਤੇ ਵਿਧਾਇਕ-ਐਮ.ਪੀ ਉਤਾਰੇ ਸਨ ਤੇ ਪੂਰੀ ਮਸ਼ੀਨਰੀ ਦੀਦੀ ਪਿਛੇ ਲਗਾ ਦਿਤੀ ਸੀ ਉਸ ਤੋਂ ਇੰਜ ਲਗਦਾ ਸੀ ਕਿ ਭਾਜਪਾ ਵੱਡੇ ਫ਼ਰਕ ਨਾਲ ਜਿੱਤੇਗੀ ਪਰ ਬੰਗਾਲ ਦੇ ਲੋਕਾਂ ਨੇ ਭਾਜਪਾ ਨੂੰ ਦਿੱਲੀ ਵਾਂਗ ਸਬਕ ਸਿਖਾ ਦਿਤਾ। 
ਯਾਦ ਰਹੇ ਕਿ ਬੰਗਾਲ ਵਿਚ ਭਾਜਪਾ ਲਈ ਚੋਣਾਂ ਜਿੱਤਣ ਲਈ ਮੋਦੀ ਅਤੇ ਸ਼ਾਹ ਜੰਗੀ ਪੱਧਰ ’ਤੇ ਮੋਰਚਾਬੰਦੀ ਕਰਨ ਅਤੇ ਬੇਅੰਤ ਪੈਸਾ ਖ਼ਰਚ ਕਰਨ ਮਗਰੋਂ ਯਕੀਨ ਕਰ ਬੈਠੇ ਸਨ ਕਿ ਉਹ 200 ਤੋਂ ਵੱਧ ਸੀਟਾਂ ਜਿੱਤਣ ਦਾ ਪ੍ਰਬੰਧ ਪੱਕਾ ਕਰ ਆਏ ਹਨ ਤੇ ਦੁਨੀਆਂ ਦੀ ਕੋਈ ਤਾਕਤ 200 ਤੋਂ ਘੱਟ ਸੀਟਾਂ ਲੈਣੋਂ ਨਹੀਂ ਰੋਕ ਸਕਦੀ।
 ਇਸ ਤੋਂ ਇਲਾਵਾ ਭਾਵੇਂ ਅਸਾਮ ਵਿਚ ਸੱਤਾ ’ਚ ਵਾਪਸੀ ਕੀਤੀ ਹੈ ਪਰ ਉਥੇ ਵੀ ਭਾਜਪਾ ਦੀ ਲੋਕਪ੍ਰਿਯਤਾ ਤੇ ਕੰਮਾਂ ਨੂੰ ਸਿਹਰਾ ਨਹੀਂ ਜਾਂਦਾ ਹੈ ਕਿਉਂਕਿ ਅਸਾਮ ਅੰਦਰ ਕਾਂਗਰਸ ਨੇ ਪੂਰੇ ਮਨ ਨਾਲ ਪ੍ਰਚਾਰ ਹੀ ਨਹੀਂ ਕੀਤਾ ਤੇ 
ਅਪਣੇ ਸਥਾਨਕ ਆਗੂਆਂ ਨੂੰ ਖੁਡੇ ਲਾਈਨ ਲਾਈ ਰਖਿਆ ਤੇ ਭਾਜਪਾ ਫਿਰ ਤੋਂ ਸੱਤਾ ਵਿਚ ਵਾਪਸੀ ਕਰ ਗਈ। ਜਿਥੋਂ ਤਕ ਸਵਾਲ ਪਾਂਡੂਚੇਰੀ ਦਾ ਹੈ ਉਥੇ ਵੀ ਕਾਂਗਰਸ ਨੂੰ ਕਾਂਗਰਸੀਆਂ ਨੇ ਹੀ ਹਰਾ ਦਿਤਾ। ਇਸ ਦਾ ਕਾਰਨ ਇਹ ਰਿਹਾ ਕਿ ਚੋਣਾਂ ਤੋਂ ਪਹਿਲਾਂ ਉਥੇ ਕਾਂਗਰਸ ਦੀ ਸਰਕਾਰ ਸੀ ਤੇ ਕਾਂਗਰਸ ਦੇ ਕੁੱਝ ਵਿਧਾਇਕ ਭਾਜਪਾ ਨਾਲ ਜਾ ਮਿਲੇ ਸਨ ਤੇ ਕਾਂਗਰਸ ਦੀ ਸਰਕਾਰ ਡਿੱਗ ਪਈ। ਇਸ ਤੋਂ ਬਾਅਦ ਕਾਗਰਸ ਸੰਭਲ ’ਚ ਨਾਕਾਮ ਰਹੀ ਤੇ ਪੁਰਾਣੇ ਕਾਂਗਰਸੀ ਹੀ ਕਾਂਗਰਸ ਦੀਆਂ ਜੜ੍ਹਾਂ ’ਚ ਬੈਠ ਗਏ।