ਮਿੱਟੀ ਦੇ ਬਣੇ ਹੋਏ ਘੜੇ ਦੇ ਪਾਣੀ ’ਚ ਕਈ ਬੀਮਾਰੀਆਂ ਨੂੰ ਦੂਰ ਕਰਨ ਦੀ ਹੈ ਸਮਰੱਥਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਰਿਜ ਨਾਲੋਂ ਘੜੇ ਦਾ ਪਾਣੀ ਗੁਣਕਾਰੀ

water pot

 

ਕੋਟਕਪੂਰਾ (ਗੁਰਿੰਦਰ ਸਿੰਘ) : ਭਾਵੇਂ ਜ਼ਮਾਨਾ ਬਹੁਤ ਤਰੱਕੀ ਕਰ ਗਿਆ ਹੈ ਪਰ ਫਿਰ ਵੀ ਕੁੱਝ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਮਿੱਟੀ ਦੇ ਘੜੇ ਗਰਮੀਆਂ ਦੇ ਦਿਨਾਂ ’ਚ ਅੱਜ ਵੀ ਘਰਾਂ ਦਾ ਸ਼ਿੰਗਾਰ ਬਣਦੇ ਹਨ, ਕਿਉਂਕਿ ਇਨ੍ਹਾਂ ’ਚ ਪਾਣੀ ਕੁਦਰਤੀ ਤੌਰ ’ਤੇ ਠੰਢਾ ਰਹਿੰਦਾ ਹੈ। ਘੜੇ ਦੇ ਪਾਣੀ ’ਚੋਂ ਆਉਂਦੀ ਮਿੱਟੀ ਦੀ ਖ਼ੁਸ਼ਬੋ ਮਨ ਨੂੰ ਵਖਰਾ ਹੀ ਆਨੰਦ ਦਿੰਦੀ ਹੈ। 

 

ਹੁਣ ਤਾਂ ਡਾਕਟਰ ਵੀ ਪਾਣੀ ਮਿੱਟੀ ਦੇ ਘੜੇ ਦਾ ਹੀ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ ਘੜੇ ’ਚ ਪਾਣੀ ਉਨਾ ਹੀ ਠੰਢਾ ਹੁੰਦਾ ਹੈ, ਜਿੰਨਾ ਸਾਡੇ ਸਰੀਰ ਅਤੇ ਗਲੇ ਲਈ ਵਧੀਆ ਹੁੰਦਾ ਹੈ, ਨਾ ਤਾਂ ਜ਼ਿਆਦਾ ਠੰਢਾ ਤੇ ਨਾ ਜ਼ਿਆਦਾ ਗਰਮ। ਇਹੀ ਉਹ ਕਾਰਨ ਹੈ, ਜਿਸ ਕਾਰਨ ਅਸੀਂ ਘੜੇ ਦਾ ਪਾਣੀ ਪੀਣ ਨਾਲ ਬਿਮਾਰ ਨਹੀ ਹੁੰਦੇ, ਸਗੋਂ ਤੰਦਰੁਸਤ ਅਰਥਾਤ ਊਰਜਾ ਮਹਿਸੂਸ ਕਰਦੇ ਹਾਂ।

 

 

ਘੜੇ ਦੇ ਪਾਣੀ ’ਚ ਪੇਟ ਦੀਆਂ ਕਈ ਬਿਮਾਰੀਆਂ ਦੂਰ ਕਰਨ ਦੀ ਸਮਰੱਥਾ ਹੁੰਦੀ ਹੈ। ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਕਿਰਿਆ ਦਰੁਸਤ ਰਹਿੰਦੀ ਹੈ। ਘੜੇ ਦੇ ਪਾਣੀ ਦਾ ਤਾਪਮਾਨ ਠੀਕ ਹੁੰਦਾ ਹੈ, ਜਿਸ ਨਾਲ ਸਰਦੀ-ਜੁਕਾਮ ਦੂਰ ਰਹਿੰਦਾ ਹੈ। ਘੜੇ ਦੇ ਪਾਣੀ ਨਾਲ ਕੈਂਸਰ ਵਰਗੀ ਬਿਮਾਰੀ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਦੇ ਪਾਣੀ ਨਾਲ ਸਰੀਰ ਦਾ ਪੀ.ਐਚ. ਬੈਲੰਸ ਰਹਿੰਦਾ ਹੈ, ਜਿਸ ਕਰ ਕੇ ਸਰੀਰ ਕਈ ਦਿੱਕਤਾਂ ਤੋਂ ਬਚਿਆ ਰਹਿੰਦਾ ਹੈ। ਗਰਮੀਆਂ ’ਚ ਦਮੇ ਦੇ ਮਰੀਜ਼ਾਂ 
ਲਈ ਘੜੇ ਦਾ ਪਾਣੀ ਫ਼ਾਇਦੇਮੰਦ ਹੁੰਦਾ ਹੈ। 

ਘੜੇ ਦਾ ਪਾਣੀ ਡਾਇਰੀਆ ਤੇ ਪੀਲੀਏ ਵਰਗੀਆਂ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਕੀਟਾਣੂਆਂ ਨੂੰ ਖ਼ਤਮ ਕਰ ਦਿੰਦਾ ਹੈ। ਘੜੇ ਦਾ ਪਾਣੀ ਕੁਦਰਤੀ ਤੌਰ ’ਤੇ ਠੰਢਾ ਹੁੰਦਾ ਹੈ, ਜਿਸ ਕਰ ਕੇ ਸਰੀਰ ’ਚ ਸੋਜ ਤੇ ਦਰਦ ਦੀ ਸਮੱਸਿਆ ਨਹੀਂ ਹੁੰਦੀ, ਘੜੇ ਦਾ ਪਾਣੀ ਪੀਣ ਨਾਲ ਕਬਜ਼ ਨਹੀਂ ਹੁੰਦੀ। ਆਯੁਰਵੈਦ ਵਿਚ ਦਿਲਚਸਪੀ ਰੱਖਣ ਵਾਲੇ ਮਾਹਰਾਂ ਮੁਤਾਬਕ ਮਿੱਟੀ ਨਾਲ ਬਣੇ ਘੜੇ ਦਾ ਪਾਣੀ ਬੇਹੱਦ ਲਾਭਦਾਇਕ ਮੰਨਿਆ ਜਾਂਦਾ ਹੈ। ਜ਼ਮੀਨ ’ਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ ਜਿਸ ਕਾਰਨ ਮਿੱਟੀ ਨਾਲ ਬਣੇ ਘੜੇ ਦੇ ਪਾਣੀ ਨੂੰ ਪੀਣ ਨਾਲ ਸਿਹਤ ਨੂੰ ਫ਼ਾਇਦੇ ਮਿਲਦੇ ਹਨ।

 

ਗਰਮੀਆਂ ’ਚ ਖ਼ਾਸ ਕਰ ਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ’ਚ ਪਾਣੀ ਬਹੁਤ ਠੰਢਾ ਰਹਿੰਦਾ ਹੈ। ਮਿੱਟੀ ਦੇ ਇਹ ਘੜੇ ਪਿੰਡਾਂ ’ਚ 100 ਰੁਪਏ ਦੇ ਮਿਲ ਜਾਂਦੇ ਹਨ, ਹੁਣ ਤਾਂ ਘੜੇ ਹੋਰ ਵੀ ਸੋਹਣੇ ਬਣਾ ਦਿਤੇ ਗਏ ਹਨ, ਵਾਟਰ ਕੂਲਰ ਵਾਂਗੂ ਘੜਿਆਂ ਦੇ ਟੂਟੀਆਂ ਲਾ ਦਿਤੀਆਂ ਗਈਆਂ ਹਨ ਤੇ ਪਾਣੀ ਪੀਣਾ ਹੋਰ ਵੀ ਸੋਖਾ ਹੋ ਗਿਆ ਹੈ। ਘੜੇ ਬਣਾਉਣ ਦਾ ਕੰਮ ਘੁਮਿਆਰ ਬਰਾਦਰੀ ਨਾਲ ਸਬੰਧਤ ਲੋਕ ਕਰਦੇ ਹਨ ਪਰ ਹੁਣ ਤਾਂ ਇਸ ਬਰਾਦਰੀ ਨਾਲ ਸਬੰਧਤ ਲੋਕਾਂ ’ਚੋਂ ਬਹੁਤੇ ਇਹ ਧੰਦਾ ਬਿਲਕੁਲ ਛੱਡ ਚੁੱਕੇ ਹਨ। ਇਸ ਧੰਦੇ ਨੂੰ ਛੱਡਣ ਦੇ ਕਾਰਨ ਸਬੰਧੀ ਘੜੇ ਬਣਾਉਣ ਵਾਲੇ ਲੋਕਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਇਹ ਧੰਦਾ ਹੁਣ ਘਾਟੇ ਵਾਲਾ ਸੌਦਾ ਬਣ ਰਿਹਾ ਹੈ ਕਿਉਂਕਿ ਇਕ ਤਾਂ ਮਹਿੰਗਾਈ ਕਚੂਮਰ ਕੱਢ ਰਹੀ ਹੈ।

ਮਹਿੰਗਾਈ ਜ਼ਿਆਦਾ ਹੋਣ ਕਾਰਨ ਜਿਹੜੀ ਮਿੱਟੀ ਭਾਂਡੇ ਬਣਾਉਣ ਲਈ ਸੌਖਿਆਂ ਤੇ ਸਸਤੇ ਭਾਅ ’ਚ ਮਿਲ ਜਾਂਦੀ ਸੀ, ਉਹ ਅੱਜਕਲ ਬਹੁਤ ਮਹਿੰਗੀ ਮਿਲਦੀ ਹੈ, ਦੂਜਾ ਲੋਕਾਂ ਦਾ ਰੁਝਾਨ ਨਵੇਂ ਯੁੱਗ ਵਲ ਜ਼ਿਆਦਾ ਵੱਧ ਗਿਆ ਹੈ ਜਿਸ ਕਰ ਕੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਪ੍ਰਤੀ ਰੁਝਾਨ ਬਹੁਤ ਘੱਟ ਗਿਆ ਹੈ। ਪਹਿਲਾਂ ਜਦੋਂ ਹਾੜ੍ਹੀ ਦਾ ਸੀਜ਼ਨ ਆਉਂਦਾ ਸੀ ਤਾਂ ਘੜੇ ਬਣਾਉਣ ਵਾਲੇ ਲੋਕ ਸਾਰੇ ਕਿਸਾਨਾਂ ਦੇ ਘਰ ਆ ਕੇ ਇਕ-ਇਕ ਘੜਾ ਕਣਕ ਦੇ ਦਾਣਿਆਂ ਵੱਟੇ ਦੇ ਕੇ ਜਾਂਦੇ ਸਨ ਕਿਉਂਕਿ ਕਣਕ ਹੱਥੀਂ ਵੱਢਣ ਵਾਲੇ ਲੋਕ ਇਸ ’ਚ ਪੀਣ ਲਈ ਪਾਣੀ ਭਰ ਕੇ ਅਪਣੇ ਕੋਲ ਖੇਤ ’ਚ ਲੈ ਜਾਂਦੇ ਸਨ ਪਰ ਮੌਜੂਦਾ ਸਮੇਂ ’ਚ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ।

ਹੁਣ ਜ਼ਿਆਦਾਤਰ ਲੋਕ ਕਣਕਾਂ ਆਦਿ ਫ਼ਸਲਾਂ ਦੀ ਕਟਾਈ ਕੰਬਾਈਨਾਂ ਆਦਿ ਨਾਲ ਕਰਦੇ ਹਨ, ਜਿਹੜੇ ਗਿਣਤੀ ਦੇ ਲੋਕ ਹੱਥੀਂ ਵੱਢਦੇ ਹਨ, ਉਹ ਵੀ ਘੜੇ ਲਿਜਾਣ ਦੀ ਬਜਾਇ ਕੈਂਪਰਾਂ ਆਦਿ ’ਚ ਪਾਣੀ ਭਰ ਕੇ ਲੈ ਜਾਂਦੇ ਹਨ, ਜਦਕਿ ਮਨੁੱਖੀ ਸਰੀਰ ਲਈ ਜਿਆਦਾ ਗੁਣਕਾਰੀ ਮਿੱਟੀ ਦੇ ਭਾਂਡੇ ਹੀ ਹਨ, ਕਿਉਂਕਿ ਇਨ੍ਹਾਂ ’ਚ ਜੋ ਖਾਣ-ਪੀਣ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ, ਉਸ ਵਿਚਲੇ ਸਿਹਤ ਲਈ ਜ਼ਰੂਰੀ ਤੱਤ ਬਰਕਰਾਰ ਰਹਿੰਦੇ ਹਨ, ਜਿਸ ਕਾਰਨ ਸਿਹਤ ਨੂੰ ਤਾਕਤ ਮਿਲਦੀ ਹੈ ਤੇ ਇਨਸਾਨ ਤੰਦਰੁਸਤ ਰਹਿੰਦੇ ਹਨ। ਫਰਿਜਾਂ ਤੇ ਕੈਂਪਰਾਂ ਦਾ ਠੰਢਾ ਪਾਣੀ ਤਾਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ।