ਅੰਮ੍ਰਿਤਸਰ 'ਚ BSF ਦੇ ਹੱਥ ਲੱਗੀ ਵੱਡੀ ਸਫਲਤਾ, 7 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਸ਼ੁਰੂ

7 crore heroin seized

 

ਅੰਮ੍ਰਿਤਸਰ: ਭਾਰਤੀ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਹੱਥ ਵੱਡੀ ਸਫਲਤਾ ਲੱਗੀ ਹੈ।  ਜਵਾਨਾਂ ਨੇ ਸਰਹੱਦ 'ਤੇ ਤਾਰਾਂ ਦੇ ਪਾਰ ਖੇਤੀ ਕਰ ਰਹੇ ਇਕ ਕਿਸਾਨ ਕੋਲੋਂ 7 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬੀਐਸਐਫ ਨੇ ਤਾਰਾਂ ਦੇ ਆਰ-ਪਾਰ ਤਲਾਸ਼ੀ ਲੈਂਦੇ ਹੋਏ ਹੈਰੋਇਨ ਦੀ ਦੂਜੀ ਖੇਪ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ। ਬੀਐਸਐਫ ਨੇ ਕਿਸਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

 

ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਕਾਬੂ ਕੀਤੇ ਗਏ ਕਿਸਾਨ ਦੀ ਪਛਾਣ ਸਰਹੱਦੀ ਪਿੰਡ ਹਰਦੋ ਰਤਨ ਦੇ ਰਹਿਣ ਵਾਲੇ ਦਿਲਬਾਗ ਸਿੰਘ ਵਜੋਂ ਹੋਈ ਹੈ। ਦਿਲਬਾਗ ਸਿੰਘ ਦੀ ਤਾਰਾਂ ਤੋਂ ਪਾਰ ਤਿੰਨ ਕਨਾਲ ਜ਼ਮੀਨ ਹੈ। ਉੱਥੇ ਖੇਤੀ ਕਰਨ ਤੋਂ ਬਾਅਦ ਉਹ ਵਾਪਸ ਆ ਗਿਆ। ਉਹ ਆਪਣੇ ਨਾਲ ਟਰੈਕਟਰ ਟਰਾਲੀ ਵੀ ਲੈ ਗਿਆ ਸੀ। ਵਾਪਸੀ 'ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕਿਸਾਨ ਨੇ ਆਪਣੇ ਕੱਪੜਿਆਂ 'ਚ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ, ਜਿਸ ਤੋਂ ਬਾਅਦ ਕਿਸਾਨ ਨੂੰ ਹਿਰਾਸਤ ਵਿੱਚ ਲੈ ਲਿਆ।

 ਹਿਰਾਸਤ 'ਚ ਲੈਣ ਤੋਂ ਬਾਅਦ ਬੀ.ਐੱਸ.ਐੱਫ. ਨੂੰ ਤਾਰਾਂ ਦੇ ਪਾਰ ਤਲਾਸ਼ੀ ਕਰਦੇ ਹੋਏ ਇਕ ਹੋਰ ਸਫਲਤਾ ਮਿਲੀ ਹੈ। ਤਲਾਸ਼ੀ ਦੌਰਾਨ ਜਵਾਨਾਂ ਨੇ ਖੇਤਾਂ ਵਿੱਚ ਲਾਵਾਰਿਸ ਪਿਆ ਇੱਕ ਪੈਕਟ ਬਰਾਮਦ ਕੀਤਾ, ਜਿਸ ਵਿੱਚ ਹੈਰੋਇਨ ਪਾ ਕੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤ ਵਾਲੇ ਪਾਸੇ ਸੁੱਟ ਦਿੱਤੀ ਗਈ ਸੀ। ਬੀਐਸਐਫ ਨੇ ਇਸ  ਨੂੰ ਵੀ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬੀਐਸਐਫ ਜਵਾਨਾਂ ਵੱਲੋਂ ਜ਼ਬਤ ਕੀਤੇ ਗਏ ਦੋਵਾਂ ਪੈਕਟਾਂ ਦਾ ਕੁੱਲ ਵਜ਼ਨ 1.020 ਕਿਲੋ ਮਾਪਿਆ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 7 ਕਰੋੜ ਰੁਪਏ ਹੈ। ਫਿਲਹਾਲ ਕਿਸਾਨ ਨੂੰ ਪੁਲਿਸ ਹਵਾਲੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।