ਬਾਜਵਾ ਤੇ ਰਾਜਾ ਵੜਿੰਗ ਨੇ ਭਗਵੰਤ ਸਰਕਾਰ 'ਤੇ 7000 ਕਰੋੜ ਦਾ ਕਰਜ਼ਾ ਲੈਣ 'ਤੇ ਚੁਕੇ ਸਵਾਲ
ਬਾਜਵਾ ਤੇ ਰਾਜਾ ਵੜਿੰਗ ਨੇ ਭਗਵੰਤ ਸਰਕਾਰ 'ਤੇ 7000 ਕਰੋੜ ਦਾ ਕਰਜ਼ਾ ਲੈਣ 'ਤੇ ਚੁਕੇ ਸਵਾਲ
ਬਾਜਵਾ ਨੇ ਪੁਛਿਆ, ਸੱਤਾ ਵਿਚ ਆਉਣ ਬਾਅਦ ਪਹਿਲੇ ਹੀ ਮਹੀਨੇ 54000 ਕਰੋੜ ਆਮਦਨ ਵਧਾਉਣ ਦਾ ਵਾਅਦਾ ਕਿਥੇ ਗਿਆ?
ਚੰਡੀਗੜ੍ਹ, 1 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ਵਲੋਂ 40 ਦਿਨਾਂ ਵਿਚ ਹੀ 7000 ਕਰੋੜ ਰੁਪਏ ਦਾ ਕਰਜ਼ਾ ਲਏ ਜਾਣ 'ਤੇ ਸਵਾਲ ਚੁਕੇ ਹਨ | ਬਾਜਵਾ ਨੇ ਟਵੀਟ ਕਰ ਕੇ ਆਪ ਮੁਖੀ ਕੇਜਰੀਵਾਲ ਨੂੰ ਪੁਛਿਆ ਚੋਣਾਂ ਸਮੇਂ ਸੱਤਾ ਵਿਚ ਆਉਂਦੇ ਹੀ ਪਹਿਲੇ ਮਹੀਨੇ ਵਿਚ 54000 ਕਰੋੜ ਦੀ ਆਮਦਨ ਵਧਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਦੇ ਉਲਟ ਥੋੜ੍ਹੇ ਹੀ ਦਿਨਾਂ ਵਿਚ 7000 ਕਰੋੜ ਦਾ ਕਰਜ਼ਾ ਚੁੱਕ ਲਿਆ ਗਿਆ ਹੈ | ਇਹ ਕੀਤੇ ਵਾਅਦੇ ਦੇ ਉਲਟ ਅਤੇ ਵਿੱਤੀ ਪ੍ਰਬੰਧ ਵਿਚ ਅਸਫ਼ਲਤਾ ਦੀ ਨਿਸ਼ਾਨੀ ਹੈ |
ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਸਿਰ ਚੜ੍ਹੇ ਕਰੀਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਦੇ ਹੁਕਮ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਚੁਟਕੀ ਲੈਂਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਸਿਰਫ਼ 40 ਦਿਨਾਂ ਦੇ ਹੀ ਅਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਲਏ ਗਏ 7,000 ਕਰੋੜ ਰੁਪਏ ਦੇ ਕਰਜ਼ੇ ਦੀ ਵੀ ਜਾਂਚ ਦੇ ਹੁਕਮ ਦੇਣਗੇ | ਉਨ੍ਹਾਂ ਕਿਹਾ ਕਿ ਜੋ ਹੋਰ ਪਾਰਟੀਆਂ ਪਿਛਲੇ 50 ਸਾਲਾਂ ਵਿਚ ਨਹੀਂ ਕਰ ਸਕੀਆਂ, ਉਹ 'ਆਪ' ਨੇ 40 ਦਿਨਾਂ ਵਿਚ ਕਰ ਦਿਤਾ ਹੈ | ਉਨ੍ਹਾਂ ਸ਼ੁਰੂ ਤੋਂ ਹੀ 'ਆਪ' ਸਰਕਾਰ 'ਤੇ ਵਿੱਤੀ ਦੁਰਪ੍ਰਬੰਧ ਲਈ ਨਿਸ਼ਾਨਾ ਸਾਧਿਆ | ਵੜਿੰਗ ਨੇ ਕਿਹਾ ਕਿ ਰੋਜ਼ਾਨਾ 175 ਕਰੋੜ ਰੁਪਏ (40 ਦਿਨਾਂ ਵਿਚ 7,000 ਕਰੋੜ ਰੁਪਏ) ਨਾਲ ਜੇਕਰ 'ਆਪ' ਸਰਕਾਰ 5 ਸਾਲ ਹੋਰ ਸੱਤਾ ਵਿਚ ਰਹਿੰਦੀ ਹੈ ਤਾਂ ਸੂਬੇ 'ਤੇ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ | ਇਹ ਸਰਕਾਰ 5 ਸਾਲਾਂ ਵਿਚ ਸੂਬੇ ਨੂੰ ਇੰਨਾ ਕਰਜ਼ਾ ਦੇਵੇਗੀ, ਜਿੰਨਾ ਹੋਰ ਸਰਕਾਰਾਂ ਨੇ 50 ਸਾਲਾਂ ਵਿਚ ਕੀਤਾ ਹੈ | ਉਨ੍ਹਾਂ ਦਸਿਆ ਕਿ ਸੱਤਾ ਵਿਚ ਰਹਿਣ ਦੇ ਪਹਿਲੇ 40 ਦਿਨਾਂ ਦੌਰਾਨ 'ਆਪ' ਸਰਕਾਰ ਨੇ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ | ਇਸ ਦਰ ਨਾਲ ਸੂਬੇ 'ਤੇ ਅਗਲੇ 5 ਸਾਲਾਂ ਵਿਚ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ, ਜੋ ਪਿਛਲੇ 50 ਸਾਲਾਂ ਵਿਚ ਵੀ ਨਹੀਂ ਵਧਿਆ ਸੀ |