ਅਮਰੀਕਾ ਦਾ ਵੀਜ਼ਾ ਨਾ ਲੱਗਣ ਕਾਰਨ ਨੌਜਵਾਨ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਬੀ-ਕਾਮ ਤੋਂ ਬਾਅਦ ਆਈਲੈਟਸ ਕਰ ਕੇ ਅਮਰੀਕਾ ਜਾਣ ਲਈ ਅਪਲਾਈ ਕੀਤਾ ਸੀ
ਜਲੰਧਰ - ਥਾਣਾ ਨੂਰਮਹਿਲ ਅਧੀਨ ਆਉੰਦੇ ਪਿੰਡ ਭੰਡਾਲ ਬੂਟਾ ਦੇ ਇਕ ਨੌਜਵਾਨ ਵਲੋਂ ਵੀਜ਼ਾ ਨਾ ਲੱਗਣ ਕਾਰਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਸਾਮ੍ਹਣੇ ਆਈ ਹੈ।
ਬਲਵਿੰਦਰ ਪਾਲ ਪੁੱਤਰ ਗੁਲਜਾਰੀ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮੇਰੇ ਸਵ. ਭਰਾ ਜੋਗਿੰਦਰਪਾਲ, ਜਿਸ ਦੀ ਕਰੀਬ ਪੰਦਰਾਂ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ, ਦੇ ਬੇਟੇ ਅਤੇ ਮੇਰੇ ਭਤੀਜੇ ਦੀਪਕ ਕੁਮਾਰ ਨੇ ਬੀ-ਕਾਮ ਤੋਂ ਬਾਅਦ ਆਈਲੈਟਸ ਕਰ ਕੇ ਅਮਰੀਕਾ ਜਾਣ ਲਈ ਅਪਲਾਈ ਕੀਤਾ ਸੀ।
ਕੁਝ ਦਿਨ ਪਹਿਲਾਂ ਹੀ ਫਾਈਲ ਰਿਫਿਊਜ਼ ਹੋਣ ਕਾਰਨ ਦੀਪਕ ਕੁਮਾਰ ਪ੍ਰੇਸ਼ਾਨ ਰਹਿੰਦਾ ਸੀ। ਦੀਪਕ ਕੁਮਾਰ ਦੀ ਮਾਤਾ ਬਲਜੀਤ ਕੌਰ ਆਪਣੇ ਪੇਕੇ ਘਰ ਹਰੀਪੁਰ ਖ਼ਾਲਸਾ ਗਈ ਹੋਈ ਸੀ। ਰਾਤ ਨੂੰ ਰੋਟੀ ਖਾ ਕੇ ਸੁੱਤੇ ਦੀਪਕ ਕੁਮਾਰ ਨੇ ਜਦੋਂ ਸਵੇਰੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਕੰਧ ਟੱਪ ਕੇ ਅੰਦਰ ਜਾਣ 'ਤੇ ਦੇਖਿਆ ਤਾਂ ਉਸ ਨੇ ਕਮਰੇ ਦੇ ਗਾਡਰ ਨਾਲ ਸਾਫਾ ਪਾ ਕੇ ਫਾਹਾ ਲੈ ਲਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਉਤਾਰ ਕੇ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।