NIA ਨੇ ਪਾਕਿਸਤਾਨ ਅਧਾਰਤ ਅਤਿਵਾਦੀ ਦੇ ਮੁੱਖ ਸਹਿਯੋਗੀ ਨਾਲ ਜੁੜੇ ਪੰਜਾਬ ’ਚ 17 ਟਿਕਾਣਿਆਂ ’ਤੇ ਛਾਪੇ ਮਾਰੇ
ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ’ਚ ਕੁਲ 17 ਟਿਕਾਣੇ NIA ਦੀ ਜਾਂਚ ਦੇ ਘੇਰੇ ’ਚ ਆਏ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (NIA) ਨੇ ਅਤਿਵਾਦੀ ਸਾਜ਼ਸ਼ ਦੇ ਇਕ ਮਾਮਲੇ ’ਚ ਅਪਣੀ ਜਾਂਚ ਦੇ ਹਿੱਸੇ ਵਜੋਂ ਪਾਕਿਸਤਾਨ ਸਥਿਤ ਖਾਲਿਸਤਾਨੀ ਅਤਿਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨਾਲ ਜੁੜੇ ਗੈਂਗਸਟਰ ਹੈਪੀ ਪਾਸੀਅਨ ਨਾਲ ਸਬੰਧਤ ਕਈ ਟਿਕਾਣਿਆਂ ’ਤੇ ਪੰਜਾਬ ਭਰ ’ਚ ਛਾਪੇਮਾਰੀ ਕੀਤੀ ਹੈ। ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ’ਚ ਕੁਲ 17 ਟਿਕਾਣੇ NIA ਦੀ ਜਾਂਚ ਦੇ ਘੇਰੇ ’ਚ ਆਏ, ਜਿਸ ਦੌਰਾਨ ਮੋਬਾਈਲ ਫੋਨ, ਡਿਜੀਟਲ ਉਪਕਰਣ ਅਤੇ ਦਸਤਾਵੇਜ਼ਾਂ ਸਮੇਤ ਕਈ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ।
NIA ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਹੈਪੀ ਪਾਸੀਅਨ ਨਾਲ ਜੁੜੇ ਸ਼ੱਕੀ ਵਿਅਕਤੀਆਂ ਅਤੇ ਵੱਖ-ਵੱਖ ਦੇਸ਼ਾਂ ’ਚ ਸਥਿਤ ਉਸ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਪਾਸੀਅਨ ਇਸ ਸਮੇਂ ਅਮਰੀਕਾ ਵਿਚ ਹੈ, ਜਿੱਥੇ ਉਸ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਅਤਿਵਾਦੀ ਰਿੰਦਾ ਦਾ ਮੁੱਖ ਕਾਰਕੁੰਨ ਹੈ।
ਜਾਂਚ ਏਜੰਸੀ ਨੇ ਕਿਹਾ ਕਿ ਹੈਪੀ ਨੂੰ ਪੰਜਾਬ ਅਤੇ ਹਰਿਆਣਾ ਸੂਬਿਆਂ ਦੇ ਵੱਖ-ਵੱਖ ਥਾਣਿਆਂ ਅਤੇ ਪੁਲਿਸ ਚੌਕੀਆਂ ’ਤੇ ਹਾਲ ਹੀ ’ਚ ਹੋਏ ਗ੍ਰਨੇਡ ਹਮਲਿਆਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਐਨ.ਆਈ.ਏ. ਦੀ ਜਾਂਚ ਮੁਤਾਬਕ ਰਿੰਦਾ ਦਾ ਨੈੱਟਵਰਕ ਵੱਖ-ਵੱਖ ਦੇਸ਼ਾਂ ’ਚ ਫੈਲਿਆ ਹੋਇਆ ਹੈ ਅਤੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭਾਰਤ ਆਧਾਰਤ ਸਹਿਯੋਗੀਆਂ ਦੀ ਭਰਤੀ ’ਚ ਸਰਗਰਮੀ ਨਾਲ ਸ਼ਾਮਲ ਰਿਹਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਅਤਿਵਾਦੀ ਸਹਿਯੋਗੀਆਂ ਦੀ ਭਰਤੀ ਤੋਂ ਇਲਾਵਾ ਹੈਪੀ ਪਾਕਿਸਤਾਨ ਸਮੇਤ ਵਿਦੇਸ਼ਾਂ ਵਿਚ ਸਥਿਤ ਅਪਣੇ ਸਹਿਯੋਗੀਆਂ ਅਤੇ ਜਾਣਕਾਰਾਂ ਰਾਹੀਂ ਬੀ.ਕੇ.ਆਈ. ਦੇ ਫੀਲਡ ਸੰਚਾਲਕਾਂ ਨੂੰ ਫੰਡ, ਹਥਿਆਰ ਅਤੇ ਵਿਸਫੋਟਕ ਮੁਹੱਈਆ ਕਰਵਾਉਣ ਦੀ ਅਪਰਾਧਕ ਸਾਜ਼ਸ਼ ਵਿਚ ਵੀ ਸ਼ਾਮਲ ਰਿਹਾ ਹੈ।
ਹੈਪੀ ਨੂੰ ਪਹਿਲਾਂ ਹੀ ਇਸ ਮਾਮਲੇ ’ਚ ਭਗੌੜਾ ਅਪਰਾਧੀ ਐਲਾਨਿਆ ਜਾ ਚੁੱਕਾ ਹੈ। ਐਨ.ਆਈ.ਏ. ਨੇ ਉਸ ਦੇ ਵਿਰੁਧ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੈ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਬੀ.ਕੇ.ਆਈ. ਦੇ ਕਾਰਕੁਨਾਂ ਵਿਰੁਧ ਖੁਦ ਕੇਸ ਦਰਜ ਕਰਨ ਵਾਲੀ ਐਨ.ਆਈ.ਏ. ਨੇ ਹੁਣ ਤਕ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਤਿੰਨ ਦੇ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ।
ਐਨ.ਆਈ.ਏ. ਨੇ ਕਿਹਾ ਕਿ ਅਤਿਵਾਦ ਰੋਕੂ ਏਜੰਸੀ ਨੇ ਇਸ ਮਾਮਲੇ ’ਚ 12 ਹੋਰ ਲੋਕਾਂ ਨੂੰ ਵੀ ਦੋਸ਼ੀ ਬਣਾਇਆ ਹੈ, ਜਿਨ੍ਹਾਂ ’ਚ ਰਿੰਦਾ, ਇਕ ਹੋਰ ਵਿਅਕਤੀਗਤ ਅਤਿਵਾਦੀ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਸੀਅਨ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ ਕਿ ਤਿੰਨੋਂ ਅਤੇ ਛੇ ਹੋਰ ਇਸ ਮਾਮਲੇ ਵਿਚ ਭਗੌੜੇ ਹਨ, ਜਿਸ ਵਿਚ ਕੁਲ ਸੱਤ ਭਗੌੜਿਆਂ ਨੂੰ ਪੀ.ਓ. ਐਲਾਨਿਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਐਨ.ਆਈ.ਏ. ਇਸ ਮਾਮਲੇ ਵਿਚ ਅਪਣੀ ਜਾਂਚ ਜਾਰੀ ਰੱਖ ਰਹੀ ਹੈ ਅਤੇ ਵੀਰਵਾਰ ਦੀ ਤਲਾਸ਼ੀ ਦੌਰਾਨ ਜ਼ਬਤ ਕੀਤੀ ਗਈ ਸਮੱਗਰੀ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ।