Punjab News : ਹਰਿਆਣਾ ਨੂੰ ਪਾਣੀ ਦੇਣ ਦੇ ਫ਼ੈਸਲੇ ’ਤੇ ਪ੍ਰਨੀਤ ਕੌਰ ਨੇ ‘ਆਪ’ ਨੂੰ ਬਣਾਇਆ ਨਿਸ਼ਾਨਾ
Punjab News : ਕਿਹਾ, ਪੰਜਾਬ ਭਾਜਪਾ ਇਸ ਫ਼ੈਸਲੇ ਦੇ ਵਿਰੁਧ
Preneet Kaur targets AAP for its decision to provide water to Haryana Latest News in Punjabi : ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਦੀ ਹਾਲੀਆ ਮੀਟਿੰਗ ਵਿਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿਤੇ ਜਾਣ ਦੇ ਫ਼ੈਸਲੇ ਨਾਲ ਪੰਜਾਬ ਦੇ ਹਿਤਾਂ ਨੂੰ ਗੰਭੀਰ ਢੰਗ ਨਾਲ ਨੁਕਸਾਨ ਪਹੁੰਚਿਆ ਹੈ। ਇਸ ਸਬੰਧੀ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਪੰਜਾਬ ਭਾਜਪਾ ਇਸ ਫ਼ੈਸਲੇ ਦੇ ਵਿਰੁਧ ਹੈ। ਪੰਜਾਬ ਭਾਜਪਾ ਦਾ ਸਾਫ਼ ਸਟੈਂਡ ਹੈ ਕਿ ਸਾਡੇ ਕੋਲ ਕਿਸੇ ਹੋਰ ਰਾਜ ਨੂੰ ਵਾਧੂ ਪਾਣੀ ਦੇਣ ਲਈ ਇਕ ਬੂੰਦ ਵੀ ਨਹੀਂ ਹੈ। ਪੰਜਾਬ ਭਾਜਪਾ ਇਸ ਫ਼ੈਸਲੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ ਅਤੇ ਇਹ ਫ਼ੈਸਲਾ ਤੁਰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਪ੍ਰਨੀਤ ਕੌਰ ਨੇ ਕਿਹਾ ਪੰਜਾਬ ਪਹਿਲਾਂ ਹੀ ਪਾਣੀ ਦੀ ਕਮੀ ਦੀ ਮਾਰ ਸਹਿ ਰਿਹਾ ਹੈ। ਪੰਜਾਬ ਦੇ 115 ਜ਼ੋਨ ਪਹਿਲਾਂ ਹੀ ਡਾਰਕ ਜ਼ੋਨ ਘੋਸ਼ਤ ਕੀਤੇ ਜਾ ਚੁੱਕੇ ਹਨ। ਇਸ ਲਈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਡੈਮਾਂ ਦੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਵਰਗੇ ਮੁੱਖ ਪਾਣੀ ਸਰੋਤ ਆਮ ਪੱਧਰ ਤੋਂ ਕਾਫੀ ਥੱਲੇ ਹਨ।
ਭਾਜਪਾ ਪੰਜਾਬ ਕਿਸੇ ਵੀ ਕੀਮਤ ’ਤੇ ਪੰਜਾਬ ਦੇ ਹਿਤਾਂ ਨੂੰ ਅਣਡਿੱਠਾ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਚਟਾਨ ਵਾਂਗ ਖੜੀ ਹੈ।
ਇਸ ਫ਼ੈਸਲੇ ਦੇ ਵਿਰੁਧ ਉਨ੍ਹਾਂ ਆਮ ਆਦਮੀ ਪਾਰਟੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁਖ ਦੀ ਗੱਲ ਹੈ ਕਿ ਇਸ ਅਹਿਮ ਮੁੱਦੇ 'ਤੇ ਪੰਜਾਬ ਸਰਕਾਰ BBMB ਦੀ ਮੀਟਿੰਗ ਵਿਚ ਅਪਣਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਰੱਖ ਸਕੀ। ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਬਿਆਨਬਾਜ਼ੀ ਵਿਚ ਵਿਅਸਤ ਰਹੇ, ਜਦਕਿ ਅਸਲ ਲੜਾਈ ਵਿਚ ਪੰਜਾਬ ਪਿੱਛੇ ਰਹਿ ਗਿਆ। ਇਸ ਦੇ ਕਾਰਨ ਰਾਜ ਦੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਗੰਭੀਰ ਪਾਣੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਮੁੱਦੇ 'ਤੇ ਪੰਜਾਬ ਸਰਕਾਰ ਅਪਣੀ ਨਾਕਾਮੀ ਨੂੰ ਛੁਪਾਉਣ ਲਈ ਹੁਣ ਨਾਟਕ ਕਰ ਰਹੀ ਹੈ। ਅੱਜ ਜੋ ਵੀ ਸਥਿਤੀ ਬਣੀ ਹੈ, ਉਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸਿੱਧੀ ਤੌਰ 'ਤੇ ਜ਼ਿੰਮੇਵਾਰ ਹੈ।