ਜਲੰਧਰ: ਜੰਗ-ਏ-ਆਜ਼ਾਦੀ ਯਾਦਗਾਰ ਨੇੜੇ ਵਾਪਰਿਆ ਭਿਆਨਕ ਹਾਦਸਾ, ਤਿੰਨ ਮਜ਼ਦੂਰਾਂ ਦੀ ਮੌਤ
ਇਥੋਂ ਦੇ ਕਰਤਾਰਪੁਰ ’ਚ ਭਿਆਨਕ ਸੜਕ ਹਾਦਸਾ ਵਾਪਰਨ ਕਰ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਇਕ ਪ੍ਰਵਾਸੀ ਜ਼ਖ਼ਮੀ ਵੀ ਹੋਇਆ ਹੈ
ਜਲੰਧਰ, 1 ਜੂਨ (ਲੱਕੀ/ਸ਼ਰਮਾ): ਇਥੋਂ ਦੇ ਕਰਤਾਰਪੁਰ ’ਚ ਭਿਆਨਕ ਸੜਕ ਹਾਦਸਾ ਵਾਪਰਨ ਕਰ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਇਕ ਪ੍ਰਵਾਸੀ ਜ਼ਖ਼ਮੀ ਵੀ ਹੋਇਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੰਗ-ਏ-ਆਜ਼ਾਦੀ ਯਾਦਗਾਰ ਨੇੜੇ ਇਕ ਮੋਟਰਸਾਈਕਲ ’ਤੇ ਚਾਰ ਪ੍ਰਵਾਸੀ ਮਜ਼ਦੂਰਾਂ ਦੀ ਦੂਜੇ ਪਾਸੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਹੀ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ।
ਦਸਿਆ ਜਾ ਰਿਹਾ ਹੈ ਕਿ ਹਾਈਵੇਅ ਨਾਲ ਸਰਵਿਸ ਲਾਈਨ ’ਤੇ ਕਰਤਾਰਪੁਰ ਤੋਂ ਜਲੰਧਰ ਵਲ ਜਾ ਰਿਹਾ ਟਰੱਕ ਜਦੋਂ ਜੰਗ-ਏ-ਆਜ਼ਾਦੀ ਦੇ ਸਾਹਮਣੇ ਜੀ.ਟੀ. ਰੋਡ ’ਤੇ ਚੜ੍ਹਨ ਲੱਗਾ ਤਾਂ ਉਲਟ ਦਿਸ਼ਾ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਿਆ। ਹਾਦਸੇ ’ਚ ਮਾਰੇ ਗਏ ਮ੍ਰਿਤਕਾਂ ਦੀ ਪਛਾਣ ਬਛਨ ਪੁੱਤਰ ਘਸੀਟਾ, ਰਾਮੂ ਮਿਲਨ ਪੁੱਤਰ ਅਤਮਜ ਰਾਮ ਮਿਲਨ, ਦੁਰਗੇਸ਼ ਪੁੱਤਰ ਗੌਰੀ ਲਾਲ ਵਾਸੀ ਯੂ.ਪੀ. ਵਜੋਂ ਹੋਈ ਹੈ। ਜ਼ਖ਼ਮੀ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਰਾਮ ਲਕਸ਼ਮਣ ਵਜੋਂ ਹੋਈ ਹੈ ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫ਼ਰ ਕਰ ਦਿਤਾ ਗਿਆ ਹੈ। ਸਾਰੇ ਮਜ਼ਦੂਰ ਇਕ ਰਾਈਸ ਮਿਲ ’ਚ ਕੰਮ ਕਰਦੇ ਸਨ ਅਤੇ ਅੱਜ ਸਵੇਰੇ ਅਪਣੇ ਇਕ ਸਾਥੀ ਨੂੰ ਮਿਲਣ ਲਈ ਜਲੰਧਰ ਗਏ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।