ਟਿੱਡੀ ਦਲ ਦੀ ਰੋਕਥਾਮ ਲਈ ਕੀਤੇ ਜਾ ਰਹੇ ਹਨ ਉਪਰਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਿੱਡੀ ਦਲ ਦੀ ਰੋਕਥਾਮ ਲਈ ਕੀਤੇ ਜਾ ਰਹੇ ਹਨ ਉਪਰਾਲੇ

1

ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ/ਕਸ਼ਮੀਰ ਸਿੰਘ) : ਡਿਪਟੀ ਕਮਿਸ਼ਨਰ ਵਲੋਂ ਟਿੱਡੀ ਦਲ ਦੀ ਰੋਕਥਾਮ  ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਹਰਿੰਦਰ ਸਿੰਘ ਸਰਾਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮੁਕਤਸਰ ਸਾਹਿਬ ਨੂੰ ਟਿੱਡੀ ਦਲ ਦੀ ਰੋਕਥਾਮ ਲਈ ਜ਼ਿਲ੍ਹੇ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ  ਪੱਧਰ ਦਾ ਕੰਟਰੋਲ ਰੂਮ ਮਲੋਟ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਸ ਦੇ ਇੰਚਾਰਜ਼ ਤਹਿਸੀਲਦਾਰ ਮਲੋਟ ਅਤੇ ਤਕਨੀਕੀ ਸਹਾਇਤਾ ਲਈ ਖੇਤੀਬਾੜੀ ਵਿਕਾਸ ਅਫਸਰ ਨੂੰ ਲਗਾਇਆ ਗਿਆ।


ਇਸ ਕੰਟਰੋਲ ਰੂਮ ਤੇ ਪਿੰਡ ਵਾਰ ਟਿੱਡੀਦਲ ਦੀ ਰੋਕਥਾਮ ਸਬੰਧੀ ਸਾਧਨਾਂ ਦੀ ਜਾਣਕਾਰੀ ਸਿੰਗਲ ਕਲਿੱਕ ਤੇ ਮੌਜੂਦ ਹੋਵੇਗੀ। ਕੰਟਰੌਲ ਰੂਮ ਵਿਚ ਕੋਆਰਡੀਨੇਟਰਾਂ ਨੋਡਲ ਅਫ਼ਸਰਾਂ ਦੁਆਰਾ ਭੇਜੇ ਗਏ ਡਾਟੇ ਨੂੰ ਕੰਪਿਊਟਰ ਵਿੱਚ ਕੰਪਾਈਲ ਕੀਤਾ ਜਾਵੇਗਾ।  ਮੁੱਖ ਖੇਤੀਬਾੜੀ ਅਫ਼ਸਰ ਰੋਜ਼ਾਨਾ ਇਸ ਕੰਟਰੋਲ ਰੂਮ ਦਾ ਦੌਰਾ ਕਰਨਗੇ ਅਤੇ ਉਹ ਜ਼ਿਲ੍ਹਿਆਂ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਦੀ ਮੁਕੰਮਲ ਸੂਚਨਾਂ ਆਪਣੇ ਪਾਸ ਰੱਖੇਗਾ। ਅਪ੍ਰੇਸ਼ਨ ਸਮੇਂ ਸਬੰਧਤ ਵਿਭਾਗਾਂ ਦੇ ਮੁੱਖੀ ਕੰਟਰੋਲ ਰੂਮ ਵਿਚ ਬੈਠ ਕੇ ਅਪ੍ਰੇਸ਼ਨ ਵਿਚ ਸਹਾਇਤਾ ਕਰਨਗੇ।


ਉਪ ਮੰਡਲ ਮੈਜਿਸਟ੍ਰੇਟ ਆਪਣੀ ਸਬ ਡਵੀਜ਼ਨ ਵਿੱਚ ਅਪਰੇਸ਼ਨ ਦੀ ਪ੍ਰੇਖ ਕਰਨਗੇ ਅਤੇ ਵੱਖ ਵਿਭਾਗਾਂ ਨੂੰ ਸੋਂਪੇ ਗਏ ਕੰਮਾਂ ਨੂੰ ਕਰਵਾਉਣ ਲਈ ਆਪਸੀ ਤਾਲਮੇਲ ਰੱਖਣਗੇ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ  ਜ਼ਿਲ੍ਹੇ ਵਿਚ ਟਿੱਡੀ ਦਲ ਦੀ ਰੋਕਥਾਮ ਲਈ 25 ਕੋਆਰਡੀਨੇਟਰ ਅਤੇ 25 ਪਿੰਡ ਪੱਧਰ ਤੇ ਨੌਡਲ ਅਫਸਰ ਨਿਯੁਕਤ ਕੀਤੇ ਗਏ ਹਨ। ਇਹ ਆਪਣੇ ਅਧੀਨ ਆਉਦੇ ਪਿੰਡਾਂ ਵਿੱਚ ਟਿੱਡੀ ਦਲ ਦੀ ਰੋਕਥਾਮ ਸਬੰਧੀ ਪਿੰਡ ਵਾਸੀਆਂ ਨੂੰ ਛੋਟੇ ਕੈਪਾਂ ਅਤੇ ਅਨਾਉਸਮੈਟਾਂ ਰਾਹੀਂ ਤਕਨੀਕੀ ਜਾਣਕਾਰੀ ਦੇਣਗੇ। ਟਿੱਡੀ ਦਲ ਦੀ ਰੋਕਥਾਮ ਸਬੰਧੀ ਲੋੜੀਂਦੇ ਸਾਧਨਾਂ ਦੀ ਇਨਵੈਟਰੀ ਤਿਆਰ ਕਰਨਗੇ ਸਪਰੇਅ ਪੰਪ, ਸਪਰੇਅ ਲਈ ਪਾਣੀ ਦਾ ਪ੍ਰਬੰਧ ਅਤੇ ਖੜਕਾ ਕਰਨ ਵਾਲੇ ਸਾਧਨ ਆਦਿ ਨੂੰ ਹਰ ਸਮੇਂ ਚਾਲੂ ਹਾਲਤ ਵਿਚ ਰੱਖਣਗੇ।