ਪੰਜਾਬ ਵਿਚ ਆਏ ਨਵੇਂ ਕੋਰੋਨਾ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਵਿਚ ਅੱਜ ਚਾਰ ਕੋਵਿਡ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ

Coronavirus

ਪਟਿਆਲਾ ਵਿਚ ਚਾਰ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
ਪਟਿਆਲਾ, 1 ਜੂਨ (ਤੇਜਿੰਦਰ ਫ਼ਤਿਹਪੁਰ) : ਜ਼ਿਲ੍ਹੇ ਵਿਚ ਅੱਜ ਚਾਰ ਕੋਵਿਡ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਕੋਵਿਡ ਜਾਂਚ ਲਈ ਭੇਜੇ 457 ਸੈਂਪਲਾਂ ਵਿਚੋਂ 452 ਸੈਂਪਲਾਂ ਦੀ ਲੈਬ ਤੋਂ ਪ੍ਰਾਪਤ ਰੀਪੋਰਟ ਅਨੁਸਾਰ 448 ਸੈਂਪਲਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਅਤੇ ਚਾਰ ਕੋਵਿਡ ਪਾਜ਼ੇਟਿਵ ਪਾਏ ਗਏ ਹਨ ਅਤੇ ਪੰਜ ਸੈਂਪਲਾ ਦੀ ਰੀਪੋਰਟ ਕਲ ਨੂੰ ਆਵੇਗੀ। 
ਜਲੰਧਰ ’ਚ ਚਾਰ ਵਿਅਕਤੀ ਆਏ ਕੋਰੋਨਾ ਪਾਜ਼ੇਟਿਵ
ਜਲੰਧਰ, 1 ਜੂਨ (ਲੱਕੀ/ਸ਼ਰਮਾ) : ਜਲੰਧਰ ਦੇ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਸਮੇਤ ਅੱਜ 4 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 3 ਵਿਅਕਤੀ ਵਿਦੇਸ਼ ਤੋਂ ਆਏ ਸਨ, ਜਿਨ੍ਹਾਂ ਨੂੰ ਮਹਿਤਪੁਰ ਦੇ ਕੁਆਰੰਟੀਨ ਸੈਂਟਰ ’ਚ ਰਖਿਆ ਗਿਆ ਹੈ। ਪਾਜ਼ੇਟਿਵ ਆਏ ਇਨ੍ਹਾਂ ਵਿਅਕਤੀਆਂ ਦਾ ਜਲੰਧਰ ਦੇ ਸਿਵਲ ਹਸਪਤਾਲ ’ਚ ਇਲਾਜ ਸ਼ੁਰੂ ਕੀਤਾ ਜਾਵੇਗਾ।
ਸੰਗਰੂਰ ’ਚ ਤਿੰਨ ਹੋਰ ਕੇਸ ਆਏ
ਸੰਗਰੂਰ, 1 ਜੂਨ (ਸਿੱਧੂ) : ਜ਼ਿਲ੍ਹਾ ਸੰਗਰੂਰ ’ਚ ਅੱਜ ਕੋਰੋਨਾ ਦੇ ਤਿੰਨ ਹੋਰ ਮਰੀਜ਼ ਆਉਣ ਕਾਰਨ ਕੁੱਲ ਗਿਣਤੀ ਵੱਧ ਕੇ 101 ਹੋ ਗਈ ਹੈ । ਜ਼ਿਕਰਯੋਗ ਹੈ ਕਿ ਇਨ੍ਹਾਂ 101 ਮਰੀਜ਼ਾਂ ’ਚੋਂ 91 ਠੀਕ ਹੋ ਕੇ ਵਾਪਸ ਘਰਾਂ ਨੂੰ ਪਰਤ ਚੁੱਕੇ ਹਨ ਅਤੇ 10 ਮਰੀਜ਼ ਹੀ ਐਕਟਿਵ ਹਨ। ਅੱਜ ਆਏ ਤਿੰਨ ਨਵੇਂ ਕੇਸਾਂ ’ਚ 2 ਪਿੰਡ ਘਨੋਰੀ ਕਲਾਂ ਤੋਂ ਮਾਵਾਂ ਧੀਆਂ ਹਨ ਜੋ ਬੰਬਈ ਤੋਂ ਵਾਪਸ ਪਰਤੀਆਂ ਦੱਸੀਆਂ ਜਾ ਰਹੀਆਂ ਹਨ ਤੇ ਇਕ ਵਿਅਕਤੀ ਧੂਰੀ ਇਲਾਕੇ ਨਾਲ ਸਬੰਧਤ ਹੈ।
ਬਠਿੰਡਾ ਵਿਚ ਕਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ
ਬਠਿੰਡਾ, 1 ਜੂਨ (ਸੁਖਜਿੰਦਰ ਮਾਨ) : ਬਠਿੰਡਾ ਜ਼ਿਲ੍ਹੇ ਅੱਜ ਦੋ ਹੋਰ ਕੋਰੋਨਾ ਕੇਸ ਸਾਹਮਣੇ ਆਏ। ਅੱਜ ਸਾਹਮਣੇ ਆਏ ਦੋਵੇਂ ਮਾਮਲਿਆਂ ਵਿਚ ਸਬੰਧਤ ਵਿਅਕਤੀ ਪਿਛਲੇ ਦਿਨੀਂ ਦਿੱਲੀ ਤੋਂ ਪਰਤੇ ਸਨ। ਉਂਜ ਇਹ ਲੋਕ ਜ਼ਿਲ੍ਹੇ ਵਿਚ ਪਰਤਣ ਦੇ ਸਮੇਂ ਤੋਂ ਲੈ ਕੇ ਅਪਣੇ ਘਰ ਵਿਚ ਹੀ ਇਕਾਂਤਵਾਸ ਵਿਚ ਸਨ। ਦੋ ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 7 ਹੋ ਗਈ ਹੈ। ਦੂਜੇ ਪਾਸੇ ਅੱਜ 170 ਹੋਰ ਨੈਗੇਟਿਵ ਰੀਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਦਸਿਆ ਕਿ ਹੁਣ ਬੀਤੇ ਕਲ ਭੇਜੇ 19 ਸੈਂਪਲਾਂ ਦੀ ਰੀਪੋਰਟ ਹੀ ਬਕਾਇਆ ਰਹਿ ਗਈ ਹੈ।ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ। 
ਪਠਾਨਕੋਟ ’ਚ ਦੋ ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ
ਪਠਾਨਕੋਟ, 1 ਜੂਨ (ਤੇਜਿੰਦਰ ਸਿੰਘ) : ਜ਼ਿਲ੍ਹਾ ਪਠਾਨਕੋਟ ਵਿਚ ਅੱਜ ਸੋਮਵਾਰ ਨੂੰ ਦੋ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰੀਪੋਰਟ ਪ੍ਰਾਪਤ ਹੋਈ ਜਿਨ੍ਹਾਂ ਵਿਚੋਂ ਇਕ ਵਿਅਕਤੀ ਜੋ ਇੰਦਰਾ ਕਾਲੋਨੀ ਨਿਵਾਸੀ ਹੈ ਜੋ ਕਿ ਪਹਿਲੇ ਇੰਦਰਾ ਕਾਲੋਨੀ ਨਿਵਾਸੀ ਕਰੋਨਾ ਪਾਜ਼ੇਟਿਵ ਵਿਅਕਤੀ ਦਾ ਭਰਾ ਹੈ ਜਿਸ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਵਿਚ ਚਲ ਰਿਹਾ ਹੈ ਅਤੇ ਦੂਸਰਾ ਵਿਅਕਤੀ ਮੋਹਾਲੀ ਵਿਖੇ ਦਾਖ਼ਲ ਹੈ ਜਿਸ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿਤੀ।  
ਪਾਜ਼ੇਟਿਵ ਆਏ ਢਾਬਾ ਮਾਲਕ ਦੇ ਮਾਤਾ-ਪਿਤਾ ’ਚ ਵੀ ਕੋਰੋਨਾ ਦੀ ਪੁਸ਼ਟੀ
ਐਸ.ਏ.ਐਸ ਨਗਰ, 1 ਜੂਨ (ਸੁਖਦੀਪ ਸਿੰਘ ਸੋਈਂ) : ਮੁਹਾਲੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਵਧ ਰਿਹਾ ਹੈ। ਸਥਾਨਕ ਸੈਕਟਰ-77 ਦੇ ਵਸਨੀਕ ਇਕ ਢਾਬਾ ਮਾਲਕ ਦੀ ਕੋਰੋਨਾ ਰੀਪੋਰਟ 2 ਦਿਨ ਪਹਿਲਾਂ ਪਾਜ਼ੇਟਿਵ ਪਾਈ ਗਈ ਸੀ ਅਤੇ ਹੁਣ ਉਸ ਦੀ 50 ਸਾਲਾ ਮਾਂ ਅਤੇ 52 ਸਾਲਾ ਪਿਤਾ ਵਿਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਢਾਬਾ ਮਾਲਕ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਾਲੇ ਪਰਵਾਰਕ ਮੈਂਬਰਾਂ ਵਿਚ ਉਸ ਦੇ ਪਿਤਾ, ਮਾਤਾ ਅਤੇ ਭਰਾ ਸਮੇਤ 4 ਲੋਕਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਢਾਬਾ ਮਾਲਕ ਦੇ ਮਾਤਾ-ਪਿਤਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਇਸ ਤੋਂ ਬਾਅਦ ਹੁਣ ਮੁਹਾਲੀ ਵਿਚ ਕੁਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 116 ’ਤੇ ਪਹੁੰਚ ਗਈ ਹੈ ਇਨ੍ਹਾਂ ਵਿਚੋਂ 102 ਮਰੀਜ਼ ਠੀਕ ਹੋਣ ਉਪਰੰਤ ਅਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਗੁਰਦਾਸਪੁਰ ’ਚ ਇਕ ਵਿਅਕਤੀ ਆਇਆ ਕੋਰੋਨਾ ਪਾਜ਼ੇਟਿਵ
ਗੁਰਦਾਸਪੁਰ, 1 ਜੂਨ (ਅਨਮੋਲ) : ਪੰਜਾਬ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਬੀਮਾਰੀ ਦੇ ਇਕ ਵਿਅਕਤੀ ਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਅੰਦਰ ਪਾਜ਼ੇਟਿਵ ਕੇਸਾਂ ਦੀ ਕੁਲ ਗਿਣਤੀ 9 ਹੋ ਗਈ ਹੈ। ਸਿਵਲ ਸਰਜਨ ਨੇ ਦਸਿਆ ਕਿ ਇਹ ਵਿਅਕਤੀ ਪਿੰਡ ਕੋਠੇ ਮਜੀਠੀਆ ਬਲਾਕ ਬਹਿਰਾਮਪੁਰ ਦਾ ਹੈ ਅਤੇ ਬੀਤੇ ਦਿਨੀਂ ਮੁੰਬਈ ਵਿਚੋਂ ਆਇਆ ਸੀ। ਇਸ ਨੂੰ ਕਮਿਊਨਿਟੀ ਹੈਲਥ ਸੈਂਟਰ, ਧਾਰੀਵਾਲ ਵਿਖੇ ਰਖਿਆ ਗਿਆ ਹੈ।