ਐਸ.ਏ.ਐਸ. ਨਗਰ ਪੁਲਿਸ ਵਲੋਂ ਹੈਰੋਇਨ ਸਪਲਾਈ ਕਰਨ ਵਾਲੇ 6 ਜਣੇ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾਖੋਰੀ ਦੇ ਖਾਤਮੇ ਲਈ ਅਪਣੀ ਵਚਨਬੱਧਤਾ ਦੇ ਹਿੱਸੇ ਵਜੋਂ

File Photo

ਐਸ.ਏ.ਐਸ. ਨਗਰ, 1 ਜੂਨ (ਸੁਖਦੀਪ ਸਿੰਘ ਸੋਈਂ): ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾਖੋਰੀ ਦੇ ਖਾਤਮੇ ਲਈ ਅਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ 6 ਹੈਰੋਇਨ ਸਪਲਾਈ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨਾਲ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਜਾਂਚ) ਹਰਮਨਦੀਪ ਸਿੰਘ ਹੰਸ ਨੇ ਦਸਿਆ ਕਿ ਸੀਆਈਏ ਸਟਾਫ਼ ਖਰੜ ਦੇ ਇੰਸਪੈਕਟਰ ਰਾਜੇਸ਼ ਕੁਮਾਰ ਨੇ ਸੂਹ ਮਿਲਣ ’ਤੇ ਥਾਣਾ ਸਿਟੀ ਖਰੜ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-61-85 ਦੇ ਤਹਿਤ ਕੇਸ ਦਰਜ ਕੀਤਾ ਸੀ ਅਤੇ 28-5-20 ਨੂੰ ਪਿੰਡ ਛੱਜੂਮਾਜਰਾ ਰੋਡ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਦੋ ਕਾਰ ਸਵਾਰ ਵਿਅਕਤੀਆਂ ਨੇ ਪੁਲਿਸ ਪਾਰਟੀ ਨੂੰ ਵੇਖਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨਾਂ ਨੂੰ ਕਾਬੂ ਕਰ ਲਿਆ ਗਿਆ।

ਕੁਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਚ ਅੰਜੁਲ ਸੋਢੀ ਵਾਸੀ ਸਿਰਸਾ, ਹਰਿਆਣਾ, ਪਰਿਵਰ ਸਿੰਘ ਵਾਸੀ ਪਿੰਡ ਬੱਲੋਮਾਜਰਾ ਐਸ.ਏ.ਐਸ. ਨਗਰ, ਰਵੀ ਵਰਮਾ ਵਾਸੀ ਸੰਨੀ ਇੰਨਕਲੇਵ ਖਰੜ, ਦਲਵਿੰਦਰ ਸਿੰਘ ਵਾਸੀ ਪਿੰਡ ਖਹਿਰਾ ਕਲਾਂ ਐਸ.ਏ.ਐਸ. ਨਗਰ, ਨੀਲੂ ਵਾਸੀ ਸਿਰਸਾ ਸ਼ਾਮਲ ਹਨ। ਉਨ੍ਹਾਂ ਕੋਲੋਂ ਇਕ ਸਵਿਫਟ ਕਾਰ ਅਤੇ ਇਕ ਸੈਵਰਲੇਟ ਦੇ ਨਾਲ 1 ਕਿਲੋ 300 ਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ।
ਮੁਲਜ਼ਮਾਂ ਤੋਂ ਪੁਛਗਿਛ ਦੇ ਨਤੀਜੇ ਵਜੋਂ ਇਕ ਹੋਰ ਹੈਰੋਇਨ ਸਪਲਾਇਰ, ਡੇਵਿਡ ਨਾਮੀ ਇਕ ਨਾਈਜੀਰੀਅਨ ਵਿਅਕਤੀ ਨੂੰ 31-5-20 ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 2 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਇਸ ਲਈ ਜ਼ਬਤ ਕੀਤੀ ਗਈ ਹੈਰੋਇਨ ਦੀ ਕੁਲ ਮਾਤਰਾ 3 ਕਿਲੋ ਅਤੇ 500 ਗ੍ਰਾਮ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 18 ਕਰੋੜ ਰੁਪਏ ਹੈ। ਮੁਲਜ਼ਮ ਬਹੁਤ ਲੰਮੇ ਸਮੇਂ ਤੋਂ ਪੰਜਾਬ, ਚੰਡੀਗੜ੍ਹ੍ਹ ਅਤੇ ਹਰਿਆਣਾ ਵਿਚ ਸਰਗਰਮ ਸਨ ਅਤੇ ਹੈਰੋਇਨ ਦੀ ਸਪਲਾਈ ਕਰ ਰਹੇ ਸਨ। ਇਨ੍ਹਾਂ ਵਿਚੋਂ ਇਕ ਮੁਲਜ਼ਮ ਦਲਵਿੰਦਰ ਸਿੰਘ 4 ਸਾਲਾਂ ਤੋਂ ਹੈਰੋਇਨ ਦੀ ਸਪਲਾਈ ਕਰ ਰਿਹਾ ਹੈ ਅਤੇ ਉਸ ਵਿਰੁਧ ਐਨਡੀਪੀਐਸ ਐਕਟ ਅਧੀਨ ਥਾਣਾ ਸਰਦੂਲਗੜ੍ਹ ਅਤੇ ਥਾਣਾ ਸਿਟੀ ਸਿਰਸਾ ਵਿਖੇ 2 ਕੇਸ ਦਰਜ ਹਨ ਅਤੇ ਇਕ ਹੋਰ ਕੇਸ ਧਾਰਾ 420 ਅਧੀਨ ਦਰਜ ਹੈ। ਉਹ ਅੰਜੁਲ ਸੋਢੀ ਅਤੇ ਨੀਲੂ ਨਾਲ ਮਿਲ ਕੇ ਦਿੱਲੀ ਤੋਂ ਹੈਰੋਇਨ ਲਿਆਉਂਦਾ ਸੀ ਅਤੇ ਕਾਫੀ ਵੱਧ ਕੀਮਤ ’ਤੇ ਵੇਚਦਾ ਸੀ। ਰਵੀ ਵਰਮਾ ਅਤੇ ਪਰਿਵਰ ਸਿੰਘ ਮੁਹਾਲੀ ਅਤੇ ਚੰਡੀਗੜ੍ਹ੍ਹ ਦੇ ਇਲਾਕਿਆਂ ਵਿਚ ਇਨ੍ਹਾਂ ਦੀ ਖੇਪ ਦੀ ਸਪਲਾਈ ਕਰਦੇ ਸਨ। ਇਸ ਮਾਮਲੇ ’ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਹਾਜ਼ਰ ਹੋਰਨਾਂ ਅਧਿਕਾਰੀਆਂ ਵਿਚ ਡੀ.ਐਸ.ਪੀ ਸਾਈਬਰ ਕਰਾਈਮ ਰੁਪਿੰਦਰਦੀਪ ਕੌਰ ਸੋਹੀ ਅਤੇ ਡੀ.ਐਸ.ਪੀ- ਖਰੜ-1 ਪਾਲ ਸਿੰਘ ਸ਼ਾਮਲ ਸਨ।