ਦਿੱਲੀ ਦੇ ਕਿਸਾਨ ਅੰਦੋਲਨ ਵਿਚ ਕੁਦਰਤੀ ਆਫ਼ਤ ਦੇ ਬਾਵਜੂਦ ਅੰਦੋਲਨਕਾਰੀ ਕਿਸਾਨ ਚੜ੍ਹਦੀ ਕਲਾ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਜ਼ ਮੀਂਹ ਤੇ ਝੱਖੜ ਕਾਰਨ ਕਈ ਪੰਡਾਲ ਢਹਿ ਢੇਰੀ, ਲੱਖਾਂ ਰੁਪਏ ਦਾ ਨੁਕਸਾਨ

Farmers Protest

ਅੰਮ੍ਰਿਤਸਰ/ਟਾਂਗਰਾ (ਸੁਰਜੀਤ ਸਿੰਘ ਖ਼ਾਲਸਾ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਪਿਛਲੇ 6 ਮਹੀਨੇ ਤੋਂ ਵਧੇਰੇ ਸਮੇਂ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ ਦੇ ਬਾਵਜੂਦ ਮੋਰਚਿਆਂ ਵਿਚ ਬੈਠੇ ਕਿਸਾਨ-ਮਜ਼ਦੂਰ ਚੜ੍ਹਦੀ ਕਲਾ ਵਿਚ ਹਨ। ਸਰਕਾਰਾਂ ਦੀ ਬੇਰੁਖ਼ੀ ਦੇ ਨਾਲ ਨਾਲ ਕੁਦਰਤੀ ਆਫ਼ਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। 

ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਸੁਬਾਈ ਆਗੂ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿਧਵਾਂ, ਸਤਨਾਮ ਸਿੰਘ ਮਾਨੋਚਾਹਲ, ਸਰਵਣ ਸਿੰਘ ਪੰਧੇਰ ਜਰਨਲ ਸਕੱਤਰ ਪੰਜਾਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਬੀਤੀ ਰਾਤ 2 ਵਜੇ ਦੇ ਲਗਭਗ ਬਹੁਤ ਜ਼ਿਆਦਾ ਤੇਜ਼ ਮੀਂਹ ਹਨੇਰੀ ਝੱਖੜ ਕਾਰਨ ਕਿਸਾਨ ਜਥੇਬੰਦੀ ਵਲੋਂ ਲਗਾਏ ਗਏ ਵੱਡੇ ਪੰਡਾਲ ਡਿੱਗ ਕੇ ਢਹਿ ਢੇਰੀ ਹੋ ਗਏ ਹਨ। ਲੋਹੇ ਦੀਆਂ ਲੱਗੀਆਂ ਹੋਈਆਂ ਪਾਈਪਾਂ ਦੇ ਐਂਗਲ ਮੁੜ ਗਏ ਹਨ ਅਤੇ ਤਰਪਾਲਾਂ ਪਾੜ ਕੇ ਉਡ ਗਈਆਂ ਹਨ। 

ਪਾਟੇ ਹੋਏ ਪੰਡਾਲਾਂ ਦੇ ਥੱਲੇ ਵੀ ਪਾਣੀ ਖੜਾ ਹੋ ਗਿਆ ਹੈ। ਇਸ ਦੇ ਨਾਲ ਲੰਗਰ ਦਾ ਪ੍ਰਬੰਧ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਇਆ ਹੈ। ਅੰਦੋਲਨ ਵਿਚ ਸ਼ਾਮਲ ਵਰਕਰਾਂ ਵਲੋਂ ਬੜੀ ਮਿਹਨਤ ਕਰ ਕੇ ਕਿਸਾਨਾਂ, ਬੀਬੀਆਂ, ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਸੰਘਰਸ਼ ਵਿਚ ਕੋਈ ਢਿੱਲ ਨਹੀਂ ਆਉਣ ਦਿਤੀ ਜਾਵੇਗੀ। ਭਾਜਪਾ ਦੇ ਮੰਤਰੀਆਂ ਅਤੇ ਦਫ਼ਤਰਾਂ ਦੇ ਅੱਗੇ 5 ਜੂਨ ਨੂੰ ਖੇਤੀ ਵਿਰੋਧੀ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਰਕਾਰ ਦੇ ਬਿਆਨ ਕਿ ਕਿਸਾਨ ਕੋਰੋਨਾ ਫੈਲਾਅ ਰਹੇ ਹਨ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।