ਪੰਜਾਬ ਕਾਂਗਰਸ 'ਚ ਰੇੜਕਾ- ਹਾਈ ਕਮਾਂਡ ਦੁਚਿੱਤੀ 'ਚ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ 'ਚ ਰੇੜਕਾ- ਹਾਈ ਕਮਾਂਡ ਦੁਚਿੱਤੀ 'ਚ

IMAGE

ਚੰਡੀਗੜ੍ਹ, 1 ਜੂਨ (ਜੀ.ਸੀ. ਭਾਰਦਵਾਜ) : ਕਾਂਗਰਸ 'ਚ ਪਏ ਅੰਦਰੂਨੀ ਰੇੜਕੇ ਨੂੰ  ਅੱਜ ਤਿੰਨ ਹਫ਼ਤੇ ਹੋ ਗਏ ਹਨ ਤੇ ਪਾਰਟੀ ਹਾਈ ਕਮਾਂਡ ਵਲੋਂ ਥਾਪੇ ਤਿੰਨ ਮੈਂਬਰੀ ਪੈਨਲ ਨੇ ਅੱਜ ਸ਼ਾਮ ਤਕ ਦੋ ਦਿਨਾਂ 'ਚ ਲਗਭਗ 50 ਨੇਤਾਵਾਂ ਤੇ ਹੋਰ ਤਜਰਬੇਕਾਰ ਸਿਆਸੀ ਮਾਹਰਾਂ ਦੇ ਮੁੱਖ ਮੰਤਰੀ ਵਿਰੁਧ ਤੇ ਹੱਕ 'ਚ ਵਿਚਾਰ ਸੁਣ ਲਏ ਹਨ | ਆਉਂਦੇ ਇਕ-ਦੋ ਦਿਨਾਂ 'ਚ ਬਾਕੀ ਵਿਧਾਇਕਾਂ ਤੇ ਪੰਜਾਬ ਦੇ ਹੋਰ ਨੀਤੀਘਾੜਿਆਂ ਦੀ ਰਾਏ ਜਾਣ ਲੈਣ ਉਪਰੰਤ ਵਿਚਲਾ ਰਸਤਾ ਤੇ ਆਉਂਦੀਆਂ ਚੋਣਾਂ ਵਾਸਤੇ ਪਾਰਟੀ ਦੀ ਇਕਮੁਠਤਾ ਦਾ ਹੱਲ ਇਹ ਪੈਨਲ ਜ਼ਰੂਰ ਕੱਢੇਗਾ |
ਅੱਜ ਪੰਜਾਬ ਦੇ ਲੋਕਾਂ 'ਚ ਇਹ ਸੋਚ ਭਾਰੂ ਹੋ ਚੁੱਕੀ ਹੈ ਕਿ ਇਸ ਸੰਕਟ ਦੀ ਘੜੀ 'ਚੋਂ ''ਕੀ ਮੁੱਖ ਮੰਤਰੀ, ਹੋਰ ਮਜ਼ਬੂਤੀ ਤੇ ਤਾਕਤ ਨਾਲ ਚੋਣ ਮੈਦਾਨ 'ਚ ਉਤਰਨਗੇ?'' ਜਾਂ ਫਿਰ ''ਬਾਕੀ ਬਰਾਦਰੀਆਂ ਦੇ ਨੇਤਾ ਜੱਟਵਾਦ ਦਾ ਮੁਕਾਬਲਾ ਕਰਨਗੇ?''
ਰੋਜ਼ਾਨਾ ਸਪੋਕਸਮੈਨ ਵਲੋਂ ਕਈ ਮੰਤਰੀਆਂ, ਵਿਧਾਇਕਾਂ ਤੇ ਹੋਰ ਕਾਂਗਰਸੀ ਨੇਤਾਵਾਂ ਨਾਲ ਕੀਤੀ ਗੱਲਬਾਤ ਅਤੇ ਆਮ ਵੋਟਰਾਂ ਨਾਲ ਇਸ ਮੁੱਦੇ 'ਤੇ ਕੀਤੀ ਵਿਚਾਰ ਚਰਚਾ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਮੌਜੂਦਾ ਉਬਾਲ ਕੇਵਲ ਦੋ ਜੱਟ ਨੇਤਾਵਾਂ ਦੀ ਮੁੱਛ ਦਾ ਸਵਾਲ ਹੀ ਨਹੀਂ ਬਲਕਿ ਪੰਜਾਬ 'ਚ ਹੁਣ ਬਾਕੀ ਬਰਾਦਰੀਆਂ ਜਿਨ੍ਹਾਂ 'ਚ ਰਾਜਪੂਤ, ਬ੍ਰਾਹਮਣ, ਖਤਰੀ, ਕੰਬੋਜ, ਰਾਮਗੜ੍ਹੀਏ, ਪੱਛੜੀ ਜਾਤੀ ਤੇ ਵਿਸ਼ੇਸ਼ ਕਰ ਕੇ ਦਲਿਤ ਭਾਈਚਾਰੇ ਦੇ ਨੇਤਾ ਥਾਪੇ ਜਾਣ ਦਾ ਹੱਕ ਮੰਗਣ ਲੱਗੇ ਹਨ ਜਿਨ੍ਹਾਂ 'ਚ ''ਮੁੱਖ ਮੰਤਰੀ ਤੇ ਕਾਂਗਰਸ ਪ੍ਰਧਾਨ ਦੀ ਕੁਰਸੀ'' 'ਤੇ ਕਬਜ਼ਾ ਕਰਨਾ ਸ਼ਾਮਲ ਹੈ |
ਮਲਿਕ ਅਰੁਜਨ ਖੜਗੇ ਦੀ ਅਗਵਾਈ 'ਚ ਇਸ ਤਿੰਨ ਮੈਂਬਰੀ ਕਮੇਟੀ ਸਾਹਮਣੇ ਬਹੁਤੇ ਗ਼ੈਰ ਜੱਟ ਕਾਂਗਰਸੀ ਨੇਤਾਵਾਂ, ਮੰਤਰੀਆਂ ਤੇ ਵਿਧਾਇਕਾਂ ਨੇ ਖੁਲ੍ਹ ਕੇ ਇਸ ਮੁੱਦੇ  'ਤੇ ਕਿਹਾ ਕਿ ਆਉਂਦੀਆਂ ਚੋਣਾਂ 'ਚ ਕਾਂਗਰਸ ਜ਼ਰੂਰ, ਮੁੱਖ ਮੰਤਰੀ ਦੇ ਨਵੇਂ ਚਿਹਰੇ ਨੂੰ  ਲੋਕਾਂ 'ਚ ਪੇਸ਼ ਕਰਨ ਤੇ ਹੁਣ ਦੇ ਬਚਦੇ 7 ਮਹੀਨੇ ਉਸ ਚਿਹਰੇ ਨੂੰ  ਜਾਂ ਤਾਂ ਡਿਪਟੀ ਮੁੱਖ ਮੰਤਰੀ ਬਣਾਇਆ ਜਾਵੇ ਜਾਂ ਫਿਰ ਪਾਰਟੀ ਪ੍ਰਧਾਨ ਥਾਪਿਆ ਜਾਵੇ |
ਕਾਂਗਰਸ ਹਾਈ ਕਮਾਂਡ ਇਸ ਵੇਲੇ ਕੁੜਿੱਕੀ 'ਚ ਫਸ ਗਈ ਹੈ ਕਿ ਜੇ ਰਾਸ਼ਟਰੀ 
ਪੱਧਰ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ  ਹੁਣ ਨੀਵਾਂ ਵਿਖਾਇਆ ਜਾਂ ਉਸ ਦੇ ਬਰਾਬਰ ਨਵਜੋਤ ਸਿੱਧੂ ਨੂੰ  ਨਿਯੁਕਤ ਕੀਤਾ ਤਾਂ ਕਾਂਗਰਸ ਦੀ ਪਾਟੋਧਾੜ ਹੋਰ ਡੂੰਘੀ ਤੇ ਖ਼ਤਰਨਾਕ ਹੋ ਜਾਵੇਗੀ ਅਤੇ ਜੇ ਬਾਗੀ ਸੁਰਾਂ ਵਾਲਿਆਂ ਨੂੰ  ਪੁਚਕਾਰਿਆ ਨਾ ਗਿਆ ਤਾਂ ਇਹ ਸਾਰੇ ਖਿੰਡ ਪੁੰਡ ਕੇ ਅਕਾਲੀ, 'ਆਪ' ਤੇ ਬੀ.ਜੇ.ਪੀ. ਦੀ ਝੋਲੀ ਪੈ ਕੇ ਕਾਂਗਰਸ ਦੀ ਸੰਭਾਵੀ ਜਿੱਤ ਨੂੰ  ਹਾਰ 'ਚ ਬਦਲ ਦੇਣਗੇ |
ਇਕ ਸੀਨੀਅਰ ਕਾਂਗਰਸੀ ਨੇਤਾ ਨੇ ਇਥੋਂ ਤਕ ਕਹਿ ਦਿਤਾ ਕਿ ''ਇਹ ਬਹੀ ਕੜ੍ਹੀ 'ਚ ਉਬਾਲ ਹੈ - ਛੇਤੀ ਬੈਠ ਜਾਵੇਗਾ - ਪਰ ਚੋਣਾਂ 'ਚ ਨੁਕਸਾਨ ਜ਼ਰੂਰ ਹੋਵੇਗਾ | ਇਸ ਨੇਤਾ ਨੇ ਕਿਹਾ ਕਿ ਕਾਂਗਰਸ 'ਚ ਜਦੋਂ ਜਦੋਂ ਵੀ ਅੰਦਰੂਨੀ ਝਗੜਾ ਜਾਂ ਕੁਰਸੀ ਵਾਸਤੇ ਦੋ ਗੁੱਟ ਬਣੇ - ਇਸ ਦਾ ਆਰਜ਼ੀ ਹੱਲ ਤਾਂ ਹੋ ਗਿਆ ਪਰ ਨੇੜਲੀਆਂ ਚੋਣਾਂ 'ਚ ਪਾਰਟੀ ਨੂੰ  ਡੂੰਘੀ ਸੱਟ ਵੱਜੀ | ਮਿਸਾਲ ਵਜੋਂ 1980 ਦੌਰਾਨ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਦੇ ਆਪਸੀ ਝਗੜੇ ਨੇ ਮਗਰੋਂ 1985 ਦੀਆਂ ਚੋਣਾਂ 'ਚ ਅਕਾਲੀ ਦਲ ਬਰਨਾਲਾ ਦੀ ਸਰਕਾਰ ਬਣਵਾਈ, ਬੀਬੀ ਭੱਠਲ ਤੇ ਮੁੱਖ ਮੰਤਰੀ ਹਰਚਰਨ ਬਰਾੜ ਦਰਮਿਆਨ ਕੁਰਸੀ ਦੀ ਖਹਿਬਾਜ਼ੀ ਨੇ 1977 ਚੋਣਾਂ 'ਚ ਅਕਾਲੀ ਦਲ ਬਾਦਲ ਨੂੰ  ਕਾਮਯਾਬ ਕੀਤਾ ਅਤੇ ਮਗਰੋਂ 2002-07 ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਭੱਠਲ ਦੇ ਰੇੜਕੇ ਨੇ ਫਿਰ ਪਰਕਾਸ਼ ਸਿੰਘ ਬਾਦਲ ਨੂੰ  2007-12 ਤੇ 2012-17 ਦੌਰਾਨ ਸਫ਼ਲ ਕੀਤਾ |
ਇਕ ਹੋਰ ਸੀਨੀਅਰ ਕਾਂਗਰਸੀ ਪਛੜੀ ਜਾਤੀ ਨੇਤਾ ਨੇ ਕਿਹਾ, ਭਾਵੇਂ ਕੈਪਟਨ ਤੇ ਨਵਜੋਤ ਸਿੱਧੂ ਦੋਵੇਂ ਗਲਵੱਕੜੀ ਪਾ ਕੇ ਇਕੱਠੇ ਹੋਣ ਦਾ ਕਾਂਗਰਸ ਹਾਈ ਕਮਾਂਡ ਦੀ ਕੋਸ਼ਿਸ਼ ਸਦਕਾ ਦਾਅਵਾ ਕਰਨ ਲੱਗ ਪੈਣ, ਜਿਵੇਂ ਕੈਪਟਨ ਤੇ ਬੀਬੀ ਭੱਠਲ ਨੇ ''ਭਾਈ-ਭੈਣ'' ਦਾ ਕੀਤਾ ਸੀ, ਪਰ ਅਸਲੀਅਤ ਇਹ ਹੈ ਕਿ ਸੱਤਾਧਾਰੀ ਕਾਂਗਰਸ ਦਾ ਨੁਕਸਾਨ ਬਹੁਤ ਹੋ ਚੁੱਕਾ ਹੈ, ਭਰਪਾਈ ਕਰਨ ਨੂੰ  ਕਾਫ਼ੀ ਸਮਾਂ ਲੱਗੇਗਾ | ਪਾਰਟੀ ਅੰਦਰ ਇਹ ਵੀ ਕੈਪਟਨ ਪੱਖੀ ਧਾਰਨਾ ਬਣ ਗਈ ਹੈ ਕਿ ਬਾਗੀ ਸੁਰਾਂ ਵਾਲਿਆਂ ਨੂੰ  ਝਟਕਾ ਜ਼ਰੂਰ ਦਿਤਾ ਜਾਵੇ, ਕੈਬਨਿਟ ਤੇ ਪਾਰਟੀ ਅੰਦਰ ਅਦਲਾ-ਬਦਲੀ ਜ਼ਰੂਰ ਕੀਤੀ ਜਾਣੀ ਬਣਦੀ ਹੈ |
ਫ਼ੋਟੋ : ਕੈਪਟਨ ਅਮਰਿੰਦਰ ਸਿੰਘ, ਲਾਲ ਸਿੰਘ, ਨਵਜੋਤ ਸਿੱਧੂ, ਚਰਨਜੀ ਚੰਨੀ, ਰਾਣਾ ਕੇ.ਪੀ.