ਮੂਸੇਵਾਲਾ ਮਾਮਲਾ: ਗੈਂਗਸਟਰ ਭੂਪੀ ਰਾਣਾ ਗਰੁੱਪ ਨੇ ਕਾਤਲਾਂ ਦੀ ਜਾਣਕਾਰੀ ਦੇਣ ਲਈ ਰੱਖਿਆ ਪੰਜ ਲੱਖ ਦਾ ਇਨਾਮ
'ਜਾਣਕਾਰੀ ਦੇਣ ਵਾਲੇ ਦਾ ਨਾਂ ਰੱਖਿਆ ਜਾਵੇਗਾ ਗੁਪਤ'
ਮੁਹਾਲੀ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗੈਂਗਸਟਰ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਜਿਸ ਤੋਂ ਬਾਅਦ ਗੈਂਗਸਟਰ ਲਗਾਤਾਰ ਇੱਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਹੁਣ ਭੂਪੀ ਰਾਣਾ ਗਰੁੱਪ ਖੁੱਲ੍ਹ ਕੇ ਸਾਹਮਣੇ ਆਇਆ ਹੈ, ਫੇਸਬੁੱਕ 'ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਸਿੱਧੂ ਦੀ ਮੌਤ ਦਾ ਬਦਲਾ ਲਿਆ ਜਾਵੇਗਾ। ਭੂਪੀ ਰਾਣਾ ਗਰੁੱਪ ਨੇ ਮੂਸੇਵਾਲਾ ਦੇ ਕਾਤਲਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਸੋਸ਼ਲ ਮੀਡੀਆ ਪੋਸਟ ਰਾਹੀਂ ਰਾਣਾ ਨੇ ਕਿਹਾ ਕਿ ਕਾਤਲ ਭਾਵੇਂ ਪੰਜਾਬ ਵਿੱਚ ਬੈਠਾ ਹੈ ਜਾਂ ਕੈਨੇਡਾ, ਅਮਰੀਕਾ ਬੈਠਾ ਹੋਵੇ, ਉਸ ਬਾਰੇ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਸ਼ਾਮ 5.30 ਵਜੇ ਮਾਨਸਾ ਦੇ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।