ਗੁਰਦਾਸਪੁਰ ਧਾਰੀਵਾਲ ਮਿੱਲ ਨੂੰ ਜਲਦ ਮਿਲੇਗੀ ਬਕਾਇਆ ਰਾਸ਼ੀ, ਕਵਿਤਾ ਵਿਨੋਦ ਖੰਨਾ ਨੇ ਕੀਤੀ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬ

ਕਵਿਤਾ ਵਿਨੋਦ ਖੰਨਾ ਨੇ 1 ਜੂਨ ਨੂੰ ਕੇਂਦਰੀ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ

Kavita Vinod Khanna met Minister Piyush Goyal

 

ਗੁਰਦਾਸਪੁਰ- ਨਿਊ ਐਗਰਟਨ ਵੂਲਨ ਮਿੱਲ ਧਾਰੀਵਾਲ ਮਿੱਲ ਦੇ ਮੌਜੂਦਾ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਜਲਦ ਹੀ ਉਨ੍ਹਾਂ ਦੇ ਬਕਾਏ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਕਵਿਤਾ ਵਿਨੋਦ ਖੰਨਾ ਨੇ 1 ਜੂਨ ਨੂੰ ਕੇਂਦਰੀ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਵੱਲੋਂ ਕੇੰਦਰੀ ਮੰਤਰੀ ਨੂੰ ਇਕ ਮੰਗ ਪੱਤਰ ਦਿੱਤਾ। ਭਾਰਤੀ ਟੈਕਸਟਾਈਲ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਦਾ ਵੀ ਇਕ ਮੰਗ ਪੱਤਰ ਮੰਤਰੀ ਨੂੰ ਸੌਂਪਿਆ। ਜਿਸ ਵਿਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਮੁਲਾਜ਼ਮਾਂ ਦੇ ਪਰਿਵਾਰ ਰੋਜਾਨਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਕਵਿਤਾ ਖੰਨਾ ਨੇ ਮੁਲਾਜਮਾਂ ਦੀਆਂ ਬਕਾਇਆ ਤਨਖ਼ਾਹਾਂ, ਸੇਵਾਮੁਕਤੀ ਅਤੇ ਹੋਰ ਬਕਾਇਆ ਕਲੀਅਰ ਕਰਨ ਦੀ ਬੇਨਤੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਪ੍ਰੈਲ, 2022 ਤੱਕ ਦੇ ਬਕਾਏ ਲਈ ਭਾਰਤ ਸਰਕਾਰ ਦੇ ਕੇਂਦਰੀ ਬਜਟ ਵਿੱਚ 102.57 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਅਤੇ ਇਹ ਰਾਸ਼ੀ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਮਜ਼ਦੂਰਾਂ ਅਤੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਮੰਤਰੀ ਨਾਲ ਸਾਂਝੀਆਂ ਕੀਤੀਆਂ।

ਕਵਿਤਾ ਨੇ ਮੰਤਰੀ ਨੂੰ ਜਲਦੀ ਤੋਂ ਜਲਦੀ ਬਕਾਇਆ ਕਲੀਅਰ ਕਰਨ ਦੀ ਅਪੀਲ ਕੀਤੀ। 30 ਜੂਨ, 2017 ਤੱਕ, ਮਿੱਲ ਵਿੱਚ 417 ਮੁਲਾਜਮ ਸਨ, ਜਿਨ੍ਹਾਂ ਵਿੱਚੋਂ 276 ਹੁਣ ਸੇਵਾਮੁਕਤ ਹੋ ਚੁੱਕੇ ਹਨ। ਇਸ ਸਮੇਂ 141 ਕਰਮਚਾਰੀ ਅਜੇ ਵੀ ਰੋਲ 'ਤੇ ਹਨ। ਮੰਤਰੀ ਪੀਯੂਸ਼ ਗੋਇਲ ਨੇ ਟੈਕਸਟਾਈਲ ਮੰਤਰਾਲੇ ਵਿੱਚ ਸਬੰਧਤ ਅਧਿਕਾਰੀ ਨੂੰ ਬੁਲਾਇਆ ਅਤੇ ਵਿਭਾਗ ਨੂੰ ਅਪ੍ਰੈਲ 2022 ਤੱਕ ਦੇ ਸਾਰੇ ਬਕਾਇਆ ਜਲਦੀ ਤੋਂ ਜਲਦੀ ਕਲੀਅਰ ਕਰਨ ਦੇ ਨਿਰਦੇਸ਼ ਦਿੱਤੇ। ਹੁਣ ਲੇਬਰ ਦੇ ਬਿੱਲ ਤਿਆਰ ਕੀਤੇ ਜਾ ਰਹੇ ਹਨ। ਬਕਾਇਆ ਰਕਮ ਜਲਦੀ ਹੀ ਕਲੀਅਰ ਹੋਣ ਦੀ ਉਮੀਦ ਹੈ। ਇਹ ਧਾਰੀਵਾਲ ਮਿੱਲ ਦੇ ਮੌਜੂਦਾ ਅਤੇ ਸੇਵਾਮੁਕਤ ਮੁਲਾਜ਼ਮਾਂ ਲਈ ਵੱਡੀ ਰਾਹਤ ਹੋਵੇਗੀ।