‘ਵਿਸ਼ਵ ਸਾਈਕਲ ਦਿਵਸ’ ਮੌਕੇ ਸਿਹਤ ਮੰਤਰੀ ਵੱਲੋਂ ‘ਸਾਇਕਲ ਚਲਾਓ ਤੇ ਬਿਮਾਰੀਆਂ ਤੋਂ ਨਿਜਾਤ ਪਾਓ ’ਦਾ ਸੁਨੇਹਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਅੱਜ ਸੂਬੇ ਭਰ ਵਿੱਚ ਸਾਈਕਲ ਰੈਲੀਆਂ ਕੱਢੀਆਂ ਜਾਣਗੀਆਂ: ਬਲਬੀਰ ਸਿੰਘ

World Bicycle Day

ਚੰਡੀਗੜ : ਸੂਬੇ ਦੇ ਲੋਕਾਂ ਨੂੰ ਗ਼ੈਰ-ਸਿਹਤਮੰਦ ਜੀਵਨ ਸ਼ੈਲੀ  ਕਾਰਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕੈਂਸਰ, ਸ਼ੂਗਰ, ਦਿਲ ਸਬੰਧੀ ਬਿਮਾਰੀਆਂ ਅਤੇ ਸਟ੍ਰੋਕ ਤੋਂ ਬਚਣ ਲਈ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਜ਼ਿਲਾ ਹੈੱਡਕੁਆਰਟਰਾਂ ਅਤੇ ਰਾਜ ਦੇ ਸਾਰੇ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਖੇ ਸਾਈਕਲ ਰੈਲੀਆਂ ਕੱਢਣ 

ਜ਼ਿਕਰਯੋਗ ਹੈ ਕਿ ਦੇਸ਼ ਵਿੱਚ 63 ਫੀਸਦ ਤੋਂ ਵੱਧ ਮੌਤਾਂ ਗੈਰ-ਸੰਚਾਰੀ ਬਿਮਾਰੀਆਂ (ਐਨ.ਸੀ.ਡੀ.) ਨਾਲ ਹੁੰਦੀਆਂ ਹਨ, ਜਿਨਾਂ ਵਿੱਚੋਂ 27 ਫੀਸਦ ਦਿਲ ਸਬੰਧੀ ਬਿਮਾਰੀਆਂ ਕਾਰਨ , 9 ਫੀਸਦ ਕੈਂਸਰ, 11ਫੀਸਦ ਸਾਹ ਸਬੰਧੀ ਬਿਮਾਰੀਆਂ ਕਾਰਨ ਅਤੇ ਸੂਗਰ ਕਾਰਨ 3 ਫੀਸਦੀ ਮੌਤਾਂ ਹੁੰਦੀਆਂ ਹਨ। ਇਹਨਾਂ ਵਿੱਚੋਂ ਜ਼ਿਆਦਾਤਰ  ਬਿਮਾਰੀਆਂ ਦੇ ਮੁੱਖ ਤੇ ਵੱਡੇ ਕਾਰਨ ਤੰਬਾਕੂ ਦਾ  ਸੇਵਨ, ਸ਼ਰਾਬ ਪੀਣਾ, ਮਾੜੀ ਤੇ ਗੈਰ-ਪੋਸ਼ਟਿਕ ਖੁਰਾਕ ਖਾਣਾ, ਸ਼ਰੀਰਕ ਵਰਜ਼ਿਸ਼ ਦੀ ਘਾਟ ਅਤੇ ਹਵਾ ਪ੍ਰਦੂਸ਼ਨ ਮੰਨੇ ਜਾਂਦੇ ਹਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਅਜਿਹੀਆਂ ਬਿਮਾਰੀਆਂ ਤੋਂ ਬਚਣ ਲਈ ਸ਼ਨਿਚਰਵਾਰ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ‘ਸਾਈਕਲ ਰੈਲੀ’ ਕੱਢੀ ਜਾਵੇਗੀ। ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਮਾਸ ਐਜੂਕੇਸ਼ਨ ਅਤੇ ਮੀਡੀਆ ਵਿੰਗ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ “ਵਿਸ਼ਵ ਸਾਈਕਲ ਦਿਵਸ’’ ਦੇ ਮੌਕੇ ‘ਤੇ ਸਾਰੇ ਹੈਲਥ ਐਂਡ ਵੈੱਲਨੈਸ ਸੈਂਟਰਾਂ ਵਿਖੇ ਚੰਗੀ ਸਿਹਤ ਲਈ ਸਰੀਰਕ ਗਤੀਵਿਧੀਆਂ ਦੀ ਮਹੱਤਤਾ ਬਾਰੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਜੋ ਲੋਕਾਂ ਦੇ ਜਿਸਮਾਨੀ ਤੇ ਜ਼ਿਹਨੀ ਪੱਧਰ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ “ਸਾਈਕਲ ਚਲਾਉਣਾ ਇੱਕ ਸੁਖਾਲੀ  ਕਸਰਤ ਹੈ ਅਤੇ ਸਾਈਕਲਿੰਗ ਨੂੰ ਕਸਰਤ  ਰੁਟੀਨ ’ਚ ਸ਼ਾਮਲ ਕਰਨਾ ਜਾਂ ਇੱਕ ਮਨੋਰੰਜਕ ਗਤੀਵਿਧੀ ਵਜੋਂ ਅਪਣਾਉਣਾ  ਨਾ ਕੇਵਲ ਹਰ  ਉਮਰ ਦੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਸਗੋਂ ਇਸ ਨਾਲ ਲੋਕਾਂ ਦੇ ਜੀਵਨ ਪੱਧਰ  ਵਿੱਚ ਵੀ ਸੁਧਾਰ ਹੋ ਸਕਦਾ ਹੈ।  ਸਾਈਕਲਿੰਗ , ਸਾਡੀ ਗ਼ੈਰ-ਸਿਹਤਮੰਦ  ਅੰਦਾਜ਼-ਏ-ਜ਼ਿੰਦਗੀ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਉਹਨਾਂ ਕਿਹਾ , “ਰਾਜ ਵਿੱਚ ਇਹ ਉਪਰਾਲਾ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਸਬੰਧੀ ਰਾਸ਼ਟਰੀ ਪ੍ਰੋਗਰਾਮ (ਐਨਪੀ-ਐਨਸੀਡੀ)  ਤਹਿਤ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਦਿਨ ਦਾ ਥੀਮ ‘ਸਿਹਤ ਲਈ  ਸਾਇਕਲ ’ ਹੋਵੇਗਾ।

ਸਹਾਇਕ ਡਾਇਰੈਕਟਰ ਕਮ- ਸਟੇਟ ਪ੍ਰੋਗਰਾਮ ਅਫਸਰ ਡਾ: ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਹੁਣ ਸਾਡੀ ਮੁੱਖ ਤਰਜੀਹ ਸੰਚਾਰੀ ਬਿਮਾਰੀਆਂ ਥਾਂ ਗੈਰ ਸੰਚਾਰੀ ਬਿਮਾਰੀਆਂ ’ਤੇ ਕਾਬੂ ਪਾਉਣਾ  ਹੈ ਕਿਉਂਕਿ ਐਨ.ਸੀ.ਡੀਜ ਹੁਣ ਵਧੇਰੇ ਪ੍ਰਚਲਿਤ ਹਨ ਅਤੇ ਵਧੇਰੇ ਮੌਤਾਂ ਦਾ ਕਾਰਨ ਬਣ ਰਹੀਆਂ ਹਨ। ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਇਨਾਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ।