ਹਿੰਮਤ ਨੂੰ ਸਲਾਮ! ਕੈਂਸਰ ਪੀੜਤ ਪਿਤਾ ਦਾ ਸਹਾਰਾ ਬਣੀ 15 ਸਾਲਾ ਧੀ
ਪਿਤਾ ਦੇ ਇਲਾਜ ਲਈ ਲਗਾਈ ਮਦਦ ਦੀ ਗੁਹਾਰ
ਮੁੰਡਿਆਂ ਵਰਗਾ ਪਹਿਰਾਵਾ ਪਾ ਕੇ ਕਰਦੀ ਘਰ ਦੇ ਸਾਰੇ ਕੰਮ
ਕਿਹਾ, ਪੜ੍ਹ-ਲਿਖ ਕੇ ਬਣਨਾ ਚਾਹੁੰਦੀ ਹਾਂ ਪੁਲਿਸ ਅਫ਼ਸਰ
ਸੰਗਰੂਰ (ਕੋਮਲਜੀਤ ਕੌਰ, ਤਜਿੰਦਰ ਕੁਮਾਰ ਸ਼ਰਮਾ) : ਅੱਜ ਦੇ ਯੁੱਗ ਵਿਚ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਸਗੋਂ ਔਖੇ ਸਮੇਂ ਵਿਚ ਅਪਣੇ ਮਾਪਿਆਂ ਦਾ ਸਹਾਰਾ ਬਣਦੀਆਂ ਹਨ। ਕਈ ਵਾਰ ਇਹ ਜ਼ਿੰਮੇਵਾਰੀਆਂ ਬਹੁਤ ਛੋਟੀ ਉਮਰ ਵਿਚ ਹੀ ਨਿਭਾਉਣੀਆਂ ਪੈਂਦੀਆਂ ਹਨ। ਸੰਗਰੂਰ ਦੇ ਪਿੰਡ ਰੋਗਲਾ ਦੀ ਗੁਰਦੀਪ ਕੌਰ ਇਸ ਦੀ ਇਕ ਉਦਾਹਰਣ ਹੈ। ਗੁਰਦੀਪ ਮਹਿਜ਼ 15 ਸਾਲ ਦੀ ਹੈ ਅਤੇ ਪਿਤਾ ਨੂੰ ਕੈਂਸਰ ਹੋਣ ਕਾਰਨ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ 'ਤੇ ਹੀ ਹੈ।
ਅਪਣੇ ਪ੍ਰਵਾਰ ਦੇ ਹਾਲਾਤ ਬਾਰੇ ਗੱਲ ਕਰਦਿਆਂ ਗੁਰਦੀਪ ਕੌਰ ਨੇ ਦਸਿਆ ਕਿ ਪ੍ਰਵਾਰ 'ਚ ਮਾਤਾ-ਪਤਾ ਤੋਂ ਇਲਾਵਾ ਇਕ 10 ਸਾਲ ਦਾ ਭਰਾ ਅਰਸ਼ਦੀਪ ਸਿੰਘ ਹੈ। ਕਰੀਬ 2 ਸਾਲ ਪਹਿਲਾਂ ਉਨ੍ਹਾਂ ਨੂੰ ਅਪਣੇ ਪਿਤਾ ਦੀ ਬਿਮਾਰੀ ਬਾਰੇ ਪਤਾ ਲੱਗਾ ਸੀ। ਪੀੜਤ ਗੁਰਦਰਸ਼ਨ ਸਿੰਘ 2 ਏਕੜ ਜ਼ਮੀਨ ਵਾਲਾ ਇਕ ਛੋਟਾ ਕਿਸਾਨ ਹੈ ਅਤੇ ਖੇਤੀਬਾੜੀ ਦੇ ਨਾਲ ਮਜ਼ਦੂਰੀ ਕਰ ਕੇ ਅਪਣੇ ਪ੍ਰਵਾਰ ਦਾ ਗੁਜ਼ਾਰਾ ਕਰਦਾ ਸੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਟ੍ਰੈਵਲ ਏਜੰਟ 'ਤੇ ED ਦੀ ਕਾਰਵਾਈ, 58 ਲੱਖ ਦੀ ਜਾਇਦਾਦ ਕੁਰਕ
ਗੁਰਦਰਸ਼ਨ ਸਿੰਘ ਘਰ ਵਿਚ ਇਕਲੌਤਾ ਕਮਾਈ ਕਰਨ ਵਾਲਾ ਸੀ ਪਰ ਕੈਂਸਰ ਹੋਣ ਕਾਰਨ ਉਨ੍ਹਾਂ ਦੇ ਪ੍ਰਵਾਰ ਦੇ ਹਾਲਾਤ ਬਦਲ ਗਏ। ਗੁਰਦਰਸ਼ਨ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਬੀਮਾਰੀ 'ਤੇ ਹੁਣ ਤਕ ਲੱਖਾਂ ਰੁਪਏ ਖ਼ਰਚੇ ਜਾ ਚੁੱਕੇ ਹਨ ਅਤੇ ਕੈਂਸਰ ਨੇ ਉਨ੍ਹਾਂ ਨੂੰ ਕਰਜ਼ਦਾਰ ਬਣਾ ਦਿਤਾ ਹੈ। ਉਨ੍ਹਾਂ ਦਸਿਆ ਕਿ ਪਹਿਲਾਂ ਉਹ ਖੇਤੀਬਾੜੀ ਦੇ ਨਾਲ-ਨਾਲ ਮਜ਼ਦੂਰੀ ਕਰਦੇ ਸਨ ਪਰ ਹੁਣ 2 ਏਕੜ ਜ਼ਮੀਨ ਦੇ ਠੇਕੇ ਨਾਲ ਘਰ ਦੇ ਖ਼ਰਚੇ ਬੜੀ ਮੁਸ਼ਕਲ ਨਾਲ ਚਲਾਏ ਜਾ ਰਹੇ ਹਨ।
ਬੱਚਿਆਂ ਨੇ ਗੱਲਬਾਤ ਦੌਰਾਨ ਦਸਿਆ ਕੀ ਸਵੇਰੇ ਪਹਿਲਾਂ ਘਰ ਦੇ ਕੰਮ ਕਰ ਕੇ ਉਹ ਦੋਵੇਂ ਸਕੂਲ ਜਾਂਦੇ ਹਨ, ਟਿਊਸ਼ਨ ਅਤੇ ਫਿਰ ਘਰ ਆ ਕੇ ਵੀ ਸਾਰਾ ਕੰਮ ਦੋਵੇਂ ਭੈਣ-ਭਰਾ ਰਲ ਕੇ ਕਰਦੇ ਹਨ। ਬੱਚਿਆਂ ਨੇ ਕਿਹਾ ਕਿ ਪਿਤਾ ਦੀ ਬਿਮਾਰੀ ਨੇ ਉਨ੍ਹਾਂ ਦਾ ਬਚਪਨ ਖੋਹ ਲਿਆ ਹੈ। ਖੇਡਣਾ ਤੇ ਕੁੱਦਣਾਂ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਰਹੇ।
ਗੁਰਦੀਪ ਕੌਰ ਦਾ ਕਹਿਣਾ ਹੈ ਕਿ ਕਿ ਉਹ ਪੱਗ ਬੰਨ੍ਹ ਕੇ ਰਖਦੀ ਹੈ ਅਤੇ ਮੁੰਡਿਆਂ ਵਾਂਗ ਬਣ ਕੇ ਰਹਿੰਦੀ ਹੈ ਕਿਉਂਕਿ ਉਸ ਨੂੰ ਪਸ਼ੂਆਂ ਦਾ ਚਾਰਾ ਅਤੇ ਹੋਰ ਘਰ ਦੇ ਕੰਮਾਂ ਲਈ ਬਾਹਰ ਜਾਣਾ ਪੈਂਦਾ ਹੈ। ਅੱਜ ਕੱਲ ਦੇ ਮਾਹੌਲ ਨੂੰ ਦੇਖਦੇ ਹੋਏ ਉਸ ਨੂੰ ਮੁੰਡਿਆਂ ਵਾਲਾ ਪਹਿਰਾਵਾ ਪਾ ਕੇ ਰਹਿਣਾ ਪੈਂਦਾ। ਗੁਰਦੀਪ ਕੌਰ ਪੜ੍ਹ ਲਿਖ ਕੇ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹੈ। ਅਪਣੇ ਪਿਤਾ ਦੀ ਬਿਮਾਰੀ ਦੇ ਇਲਾਜ ਦੇ ਲਈ ਅਪੀਲ ਕਰਦਿਆਂ ਉਸ ਨੇ ਕਿਹਾ ਕਿ ਇਲਾਜ ਲਈ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਮੇਰੇ ਪਿਤਾ ਤੰਦਰੁਸਤ ਹੋ ਸਕਣ।