Punjab Train Accident News: ਪੰਜਾਬ 'ਚ ਤੜਕੇ ਵਾਪਰਿਆ ਰੇਲ ਹਾਦਸਾ; ਇਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯਾਤਰੀ ਟਰੇਨ ਵੀ ਲਪੇਟ ਵਿਚ ਆਈ, 2 ਲੋਕੋ ਪਾਇਲਟ ਜ਼ਖਮੀ

Punjab Train Accident

Punjab Train Accident News:  ਫਤਿਹਗੜ੍ਹ ਸਾਹਿਬ ਵਿਖੇ ਅੱਜ ਤੜਕੇ 4 ਵਜੇ ਦੇ ਕਰੀਬ ਰੇਲ ਹਾਦਸਾ ਵਾਪਰ ਗਿਆ। ਇੱਥੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਇਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਇਕ ਯਾਤਰੀ ਰੇਲਗੱਡੀ ਵੀ ਇਸ ਦੀ ਲਪੇਟ ਵਿਚ ਆ ਗਈ। ਹਾਦਸੇ ਵਿਚ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿਤਾ ਗਿਆ।

ਜਾਣਕਾਰੀ ਅਨੁਸਾਰ ਇਹ ਹਾਦਸਾ ਮਾਲ ਗੱਡੀਆਂ ਲਈ ਬਣਾਏ ਗਏ ਡੀਐਫਸੀਸੀ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਇਥੇ ਪਹਿਲਾਂ ਹੀ ਕੋਲੇ ਨਾਲ ਲੱਦੀਆਂ ਦੋ ਮਾਲ ਗੱਡੀਆਂ ਖੜ੍ਹੀਆਂ ਸਨ। ਅੱਜ ਸਵੇਰੇ ਇਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇੰਜਣ ਪਲਟ ਗਿਆ ਅਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟਰੇਨ ਸਮਰ ਸਪੈਸ਼ਲ (04681) ਵਿਚ ਫਸ ਗਿਆ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਲ ਗੱਡੀ ਦੀਆਂ ਬੋਗੀਆਂ ਵੀ ਇਕ-ਦੂਜੇ 'ਤੇ ਜਾ ਵੱਜੀਆਂ। ਹਾਲਾਂਕਿ ਯਾਤਰੀ ਟਰੇਨ 'ਚ ਸਵਾਰ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇੰਜਣ ਜਿਵੇਂ ਹੀ ਯਾਤਰੀ ਟਰੇਨ ਨਾਲ ਟਕਰਾਇਆ ਤਾਂ ਉਸ 'ਚ ਸਵਾਰ ਸੈਂਕੜੇ ਯਾਤਰੀਆਂ 'ਚ ਚੀਕ-ਚਿਹਾੜਾ ਮਚ ਗਿਆ। ਹਾਦਸੇ 'ਚ ਦੋ ਲੋਕੋ ਪਾਇਲਟ ਜ਼ਖਮੀ ਹੋ ਗਏ ਹਨ। ਇਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ ਵਜੋਂ ਹੋਈ ਹੈ। ਵਿਕਾਸ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਹਿਮਾਂਸ਼ੂ ਦੀ ਪਿੱਠ 'ਤੇ ਸੱਟ ਲੱਗੀ ਹੈ।

ਉਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿਤਾ ਗਿਆ। ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।

ਮੁੱਖ ਮੰਤਰੀ ਨੇ ਕੀਤਾ ਟਵੀਟ

ਪੰਜਾਬ ਦੇ ਮੁੱਖ ਮੰਤਰੀ ਨੇ ਰੇਲ ਹਾਦਸੇ ਨੂੰ ਲੈ ਕੇ ਐਕਸ ਉਤੇ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਅੱਜ ਸਵੇਰੇ ਸਰਹਿੰਦ ਰੇਲਵੇ ਸਟੇਸ਼ਨ 'ਤੇ ਦੋ ਰੇਲ ਗੱਡੀਆਂ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ...ਰੱਬ ਦਾ ਸ਼ੁਕਰ ਹੈ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ...ਪ੍ਰਸ਼ਾਸਨ ਨੂੰ ਮੌਕੇ 'ਤੇ ਪਹੁੰਚ ਕੇ ਹਰ ਸੰਭਵ ਮਦਦ ਲਈ ਆਦੇਸ਼ ਜਾਰੀ ਕਰ ਦਿਤੇ ਹਨ”।