ਕਿਸਾਨਾਂ ਵਲੋਂ ਖ਼ਰੀਦੇ ਬੀਜ, ਖਾਦ, ਕੀਟਨਾਸ਼ਕਾਂ ਦੇ ਬਿਲਾਂ ਦੀ ਜਾਂਚ ਜਾਰੀ: ਮੁੱਖ ਖੇਤੀਬਾੜੀ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਨਕਲੀ ਬੀਜਾਂ, ਖਾਦਾਂ, ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਗੈਰਕਾਨੂੰਨੀ ਤੇ ਅਣਅਧਿਕਾਰਤ ਵਿਕਰੀ.......

Officer Investigation Bills

ਮੋਗਾ : 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਨਕਲੀ ਬੀਜਾਂ, ਖਾਦਾਂ, ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਗੈਰਕਾਨੂੰਨੀ ਤੇ ਅਣਅਧਿਕਾਰਤ ਵਿਕਰੀ ਨੂੰ ਰੋਕਣ ਅਤੇ ਕਿਸਾਨਾਂ ਤੱਕ ਇਨ੍ਹਾਂ ਜਿਨਸਾਂ ਦੀ ਮਿਆਰੀ ਪੱਧਰ 'ਤੇ ਪਹੁੰਚ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਜਿਨਸਾਂ ਦੀ ਖ੍ਰੀਦ ਦੇ ਬਿੱਲਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਖੇਤੀਬਾੜੀ ਵਿਕਾਸ ਅਫ਼ਸਰ ਡਾ: ਜਂਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਦੂਸਰੇ ਦਿਨ ਵੀ ਨਵੀਂ ਅਨਾਜ ਮੰਡੀ ਅਤੇ ਪੁਰਾਣਾ ਦਾਣਾ ਮੰਡੀ ਮੋਗਾ 'ਚ ਖੇਤੀ ਜਿਨਸਾਂ ਵਿਕ੍ਰੇਤਾਵਾਂ ਦੀਆਂ ਵੱਖ-ਵੱਖ ਦੁਕਾਨਾਂ 'ਤੇ ਜਾ ਕੇ ਖ਼੍ਰੀਦੇ ਗਏ ਸਮਾਨ ਦੇ ਬਿੱਲ ਚੈਕ ਕੀਤੇ ਗਏ।  ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਦੂਜੇ ਦਿਨ ਵੀ ਵਿਭਾਗ ਵੱਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਸ਼ਹਿਰੋਂ ਖ੍ਰੀਦਦਾਰੀ ਕਰਕੇ ਪਿੰਡ ਮੁੜ ਰਹੇ ਕਿਸਾਨਾਂ ਤੋਂ ਵੀ ਪੁੱਛ-ਪੜਤਾਲ ਕੀਤੀ ਗਈ

ਤੇ ਕਿਸਾਨਾਂ ਵੱਲੋਂ ਖ੍ਰੀਦ ਕੀਤੀਆਂ ਗਈਆਂ ਖੇਤੀ ਜਿਨਸਾਂ ਦੇ ਬਿੱਲ ਚੈਕ ਕੀਤੇ ਗਏ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਕਰਕੇ ਜੋ ਦਵਾਈਆਂ ਜਾਂ ਖਾਦਾਂ ਕਿਸਾਨ ਆਪਣੀ ਫ਼ਸਲ ਨੂੰ ਪਾ ਰਹੇ ਹਨ, ਉਨ੍ਹਾਂ ਦੇ ਬਿੱਲਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਖ੍ਰੀਦਦਾਰੀ ਸਮੇਂ ਪੱਕਾ ਬਿੱਲ ਜ਼ਰੂਰ ਲੈਣ ਕਿਉਂਕਿ ਪੱਕੇ ਬਿੱਲ ਨਾਲ ਖ੍ਰੀਦੀ ਗਈ ਖਾਦ ਜਾਂ ਦਵਾਈ ਦੀ ਸੁੱਧਤਾ ਚੰਗੀ ਹੋਵੇਗੀ ਅਤੇ ਇਸਦਾ ਯਕੀਨ ਵਧੇਰੇ ਹੁੰਦਾ ਹੈ, ਕਿਉਂਕਿ ਗੈਰ ਮਿਆਰੀ ਸਮਾਨ ਦਾ ਹੀ ਬਿੱਲ ਦੇਣ ਤੋਂ ਦੁਕਾਨਦਾਰ ਗੁਰੇਜ ਕਰਦਾ ਹੈ। 

ਉਨ੍ਹਾਂ ਦੱਸਿਆ ਕਿ ਜੋ ਵੀ ਦੁਕਾਨਦਾਰ ਕਿਸਾਨਾਂ ਨੂੰ ਪੱਕਾ ਬਿੱਲ ਨਹੀਂ ਦੇਵੇਗਾ ਉਸਦੇ ਖਿਲਾਫ ਖਾਦ ਕੰਟਰੋਲ ਹੁਕਮ 1985, ਇਨਸੈਕਟੀਸਾਈਡ ਐਕਟ 1968, ਸੀਡ ਕੰਟਰੋਲ ਆਰਡਰ 1983 ਅਤੇ ਜਰੂਰੀ ਵਸਤਾਂ ਸਬੰਧੀ ਕਾਨੂੰਨ 1955 ਤਹਿਤ ਵਿਭਾਗ ਵੱਲੋਂ ਸਖਤ ਕਰਵਾਈ ਕੀਤੀ ਜਾਵੇਗੀ। ਖੇਤੀਬਾੜੀ ਵਿਕਾਸ ਅਫ਼ਸਰ ਡਾ: ਜਂਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੈਕਿੰਗ ਦੌਰਾਨ ਦੁਕਾਨਦਾਰਾਂ ਦੀਆਂ ਬਿੱਲ ਬੁੱਕਾਂ ਦੀ ਵੀ ਜਾਂਚ ਕੀਤੀ ਗਈ।

ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੀ ਇੰਨਬਿੰਨ ਪਾਲਣਾ ਨੂੰ ਯਕੀਨੀ ਬਣਾਉੁਣ ਅਤੇ ਕਿਸਾਨਾਂ ਨੂੰ ਮਿਆਰੀ ਅਤੇ ਜ਼ਰੂਰਤ ਅਨੁਸਾਰ ਲੋੜੀਂਦੀਆਂ ਦਵਾਈਆਂ, ਖਾਦਾਂ ਆਦਿ ਦੇਣ ਅਤੇ ਹਰੇਕ ਸਮਾਨ ਦਾ ਪੱਕਾ ਬਿੱਲ ਕਿਸਾਨ ਨੂੰ ਦਿੱਤਾ ਜਾਵੇ। ਉਨ੍ਹਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਜੋ ਵੀ ਸਮਾਨ ਖ੍ਰੀਦ ਕਰਦੇ ਹਨ,

ਉਸ ਦਾ ਪੱਕਾ ਬਿੱਲ ਦੁਕਾਨਦਾਰ ਤੋਂ ਲੈਣ ਅਤੇ ਪੱਕੇ ਬਿੱਲ ਤੋਂ ਬਿਨਾਂ ਕੋਈ ਵੀ ਕੀਟਨਾਸ਼ਕ ਜਾਂ ਖਾਦ ਆਦਿ ਦੀ ਖ੍ਰੀਦ ਨਾ ਕੀਤੀ ਜਾਵੇ। ਇਸ ਚੈਕਿੰਗ ਦੌਰਾਨ ਉਨ੍ਹਾਂ ਨਾਲ ਡਾ: ਅਮਰਜੀਤ ਸਿੰਘ, ਡਾ: ਰਾਜਵਿੰਦਰ ਸਿੰਘ ਅਤੇ ਡਾ: ਤੇਜਿੰਦਰ ਸਿੰਘ (ਸਾਰੇ ਖੇਤੀਬਾੜੀ ਵਿਕਾਸ ਅਫ਼ਸਰ) ਮੌਜੂਦ ਸਨ।