ਮਹੇਸ਼ਇੰਦਰ ਨਿਹਾਲ ਸਿੰਘ ਵਾਲਾ ਨੂੰ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ:ਕੌਂਸਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਸਬੇ ਦੀ ਨਗਰ ਕੌਂਸਲ ਦੇ 15 ਵਾਰਡਾਂ ਦੇ ਕੌਂਸਲਰਾਂ ਨੇ ਪ੍ਰਧਾਨ ਅਨੂੰ ਮਿੱਤਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ.....

Anu Mittal With Councilors

ਬਾਘਾਪੁਰਾਣਾ : ਕਸਬੇ ਦੀ ਨਗਰ ਕੌਂਸਲ ਦੇ 15 ਵਾਰਡਾਂ ਦੇ ਕੌਂਸਲਰਾਂ ਨੇ ਪ੍ਰਧਾਨ ਅਨੂੰ ਮਿੱਤਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਕਿਹਾ ਕਿ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਸੀਨੀਅਰਤਾ ਨੂੰ ਨਜ਼ਰਅੰਦਾਜ਼ ਕਰ ਕੇ ਕਾਂਗਰਸ ਪਾਰਟੀ ਵਲੋਂ ਸਰਕਾਰ ਵਿਚ ਬਣਦੀ ਯੋਗ ਨੁਮਾਇੰਦਗੀ ਨਾ ਦੇਣ ਕਾਰਨ ਜਿਥੇ ਪਹਿਲਾਂ ਹੀ ਹਲਕੇ ਦੇ ਕਾਂਗਰਸੀ ਵਰਕਰਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਸੀ, ਉਥੇ ਨਾਲ ਹੀ ਇਨ੍ਹਾਂ ਅਫ਼ਵਾਹਾਂ ਨੇ ਵਰਕਰਾਂ ਦੇ ਸਿਆਸੀ ਜ਼ਖ਼ਮਾਂ 'ਤੇ ਨਮਕ ਦਾ ਕੰਮ ਕੀਤਾ ਕਿ ਕਾਂਗਰਸ ਤੋਂ ਬਾਗੀ ਹੋ ਕੇ ਪਿਛਲੀ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਧਾਇਕ ਵਜੋਂ ਮੌਜਾਂ ਮਾਣਦੇ ਹੋਏ

ਕਾਂਗਰਸੀ ਵਰਕਰਾਂ 'ਤੇ ਡਾਹਢਾ ਤਸ਼ੱਦਦ ਕਰਨ ਵਾਲੇ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਪਾਰਟੀ ਹਾਈਕਮਾਂਡ ਵਲੋਂ ਜ਼ਿਲਾ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਕਈ ਕੱਟੜ ਅਤੇ ਟਕਸਾਲੀ ਕਾਗਰਸੀਆਂ ਨੇ ਤਾਂ ਅਜਿਹਾ ਹੋਣ ਦੀ ਸਥਿਤੀ ਵਿਚ ਪਾਰਟੀ ਨੂੰ ਅਲਵਿਦਾ ਕਹਿਣ ਦਾ ਐਲਾਨ ਵੀ ਕੀਤਾ ਹੈ। ਇਸ ਘਟਨਾ ਨਾਲ ਇਸ ਹਲਕੇ ਤੋਂ ਅਕਾਲੀ ਦਲ ਦੇ ਮਜ਼ਬੂਤ ਮੁੜ ਨੂੰ ਤੋੜ ਕੇ ਕਾਂਗਰਸ ਪੱਖੀ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਨੀਤੀਆਂ 'ਤੇ ਪਾਣੀ ਫਿਰ ਜਾਵੇਗਾ, ਉਥੋਂ ਮੁੜ ਇਸ ਹਲਕੇ 'ਤੇ ਅਕਾਲੀ ਦਲ ਦਾ ਕਬਜ਼ਾ ਹੋ ਜਾਵੇਗਾ।

ਇਨ੍ਹਾਂ ਅਫ਼ਵਾਹਾਂ ਤੋਂ ਬਾਅਦ ਸਥਾਨਕ ਨਗਰ ਕੌਂਸਲ ਦੇ ਸਮੁੱਚੇ 15 ਕੌਂਸਲਰਾ ਦੀ ਇਕ ਮੀਟਿੰਗ ਹੋਈ ਜਿਸ ਵਿਚ ਹੋ ਰਹੀ ਇਸ ਕਥਿਤ ਨਿਯੁਕਤੀ ਦਾ ਨਾ ਸਿਰਫ ਡਟ ਕੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਬਲਕਿ ਲੋੜ ਪੈਣ 'ਤੇ ਅਪਣੇ ਅਸਤੀਫੇ ਵੀ ਪਾਰਟੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰ ਸਿੰਘ ਬਰਾੜ, ਅਨੂੰ ਮਿੱਤਲ, ਜਗਸੀਰ ਗਰਗ, ਜਸਵਿੰਦਰ ਸਿੰਘ ਕਾਕਾ ਬਰਾੜ,  ਅਜੇ ਗਰਗ, ਰਿੰਕੂ ਕੁਮਾਰ, ਚਮਨ ਲਾਲ, ਜਗਸੀਰ ਜੱਗਾ, ਗੁਰਮੀਤ ਕੌਰ, ਮਨਦੀਪ ਕੌਰ, ਰਵੀਤਾ ਸ਼ਾਹੀ, ਸ਼ਸੀ ਗਰਗ, ਕੁਲਵਿੰਦਰ ਕੌਰ, ਬਲਵੀਰ ਕੌਰ ਬਰਾੜ, ਪਰਮਜੀਤ ਸਿੰਘ, ਰਮਨਦੀਪ ਕੌਰ ਨੇ ਕਿਹਾ ਕਿ ਪਹਿਲਾਂ

ਵਿਧਾਨ ਸਭਾ ਦੀਆਂ ਦੋ ਚੋਣਾਂ ਕਾਂਗਰਸ ਪਾਰਟੀ ਵਲੋਂ ਲੜਨ ਉਪਰੰਤ ਅਕਾਲੀ ਦਲ ਦੀ ਛਤਰੀ 'ਤੇ ਜਾ ਕੇ ਵਿਧਾਇਕੀ ਦਾ ਆਨੰਦ ਮਾਣਨ ਵਾਲੇ ਸ. ਨਿਹਾਲ ਸਿੰਘ ਵਾਲਾ ਵਲੋਂ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੂੰ ਦਿਤੇ ਜ਼ਖ਼ਮ ਅੱਜ ਵੀ ਰਿਸ ਰਹੇ ਹਨ। ਕੌਂਸਲਰਾਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ 'ਤੇ ਨਾ ਸਿਰਫ ਝੂਠੇ ਪਰਚੇ ਦਰਜ ਕਰਵਾਏ ਗਏ ਬਲਕਿ ਪੁਲਿਸ ਅਤੇ ਪ੍ਰਸ਼ਾਸਨ ਦੇ ਜ਼ੋਰ 'ਤੇ ਲੋਕ ਸਭਾ ਨਗਰ ਕੌਂਸਲ ਚੋਣਾਂ ਅਤੇ ਹੋਰ ਅਹਿਮ ਮੌਕਿਆਂ 'ਤੇ ਕੱਟੜ ਅਤੇ ਟਕਸਾਲੀ

ਕਾਂਗਰਸੀਆਂ ਨੂੰ ਰਾਤੋ ਰਾਤ ਅਕਾਲੀ ਦਲ ਵਿਚ ਆਉਣ ਲਈ ਮਜਬੂਰ ਵੀ ਕੀਤਾ ਗਿਆ। ਜੇ ਅੱਜ ਅਜਿਹੇ ਵਿਅਕਤੀ ਨੂੰ ਮੁੜ ਪਾਰਟੀ ਸਨਮਾਨਜਨਕ ਅਹੁਦਾ ਦਿੰਦੀ ਹੈ ਤਾਂ ਟਕਸਾਲੀ ਵਰਕਰਾਂ ਅਤੇ ਨੇਤਾਵਾਂ ਵਿਚ ਹੋਣ ਵਾਲੀ ਬਗਾਵਤ ਨੂੰ ਪਾਰਟੀ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਇਸ ਮੌਕੇ ਗੁਰਮੁਖ ਸਿੰਘ, ਜੰਗੀਰ ਸਿੰਘ ਬਰਾੜ, ਨਰੇਸ਼ ਜੈਦਕਾ, ਵਰੁਣ ਜੈਦਕਾ ਅਤੇ ਹੋਰ ਸ਼ਾਮਲ ਸਨ।