ਕਰਨਾਟਕ ‘ਚ ਕਾਂਗਰਸ ਦੇ 2 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੁਮਾਰਸਵਾਮੀ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਜੇਡੀਐੱਸ-ਕਾਂਗਰਸ ਗਠਜੋੜ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ

Two Karnataka Congress MLAs resign from Assembly

ਬੈਂਗਲੁਰੂ : ਕਰਨਾਟਕ ਦੀ ਐਚਡੀ ਕੁਮਾਰਸਵਾਮੀ ਸਰਕਾਰ ਦੀਆਂ ਮੁਸੀਬਤਾਂ ਵਧ ਗਈਆਂ ਹਨ। ਕਰਨਾਟਕ ‘ਚ ਕਾਂਗਰਸ ਦੇ ਵਿਧਾਇਕ ਆਨੰਦ ਸਿੰਘ ਅਤੇ ਰਮੇਸ਼ ਜਾਰਕਿਹੋਲੀ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਦੋ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਦੇ ਨੇਤਾ ਸਿੱਧਰਮਈਆ ਨੇ ਆਪਣੇ ਨਿਵਾਸ ‘ਤੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ।

ਵਿਜੇਨਗਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਆਨੰਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮੰਗ ਨੂੰ ਲੈ ਕੇ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀਆਂ ਮੰਗਾਂ ‘ਚ ਵਿਜੇਨਗਰ ਨੂੰ ਜ਼ਿਲ੍ਹਾ ਬਣਾਉਣਾ ਅਤੇ ਖਣਿਜ ਜਾਇਦਾਦ ਨਾਲ ਸੰਪੰਨ ਬੱਲਾਰੀ ਜ਼ਿਲ੍ਹੇ ‘ਚ ਜੇਐੱਸਡਬਲਯੂ ਸਟੀਲ ਨੂੰ 3,667 ਏਕੜ ਜ਼ਮੀਨ ਵੇਚੇ ਜਾਣ ਦੀ ਇਜਾਜ਼ਤ ਰੱਦ ਕਰਨਾ ਸ਼ਾਮਲ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਦਰਵਾਜ਼ਾ ਬੰਦ ਨਹੀਂ ਹੋਇਆ।ਉਹ ਆਪਣੀ ਮੰਗਾਂ ‘ਤੇ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਕਰਨਗੇ।

ਉਨ੍ਹਾਂ ਇਸ ਅਨੁਮਾਨ ਨੂੰ ਵੀ ਖਾਰਜ ਕੀਤਾ ਕਿ ਉਹ ਵਿਰੋਧੀ ਭਾਜਪਾ ਦੇ ਆਪ੍ਰਰੇਸ਼ਨ ਲੋਟਸ ‘ਚ ਸ਼ਾਮਲ ਹਨ। ਉਨ੍ਹਾਂ ਸਾਫ਼ ਕੀਤਾ ਕਿ ਉਹ ਸਰਕਾਰ ਦੇ ਖਿਲਾਫ਼ ਨਹੀਂ ਹਨ ਪਰ ਉਸਦੇ ਵਲੋਂ ਲਏ ਗਏ ਫੈਸਲੇ ਦਾ ਵਿਰੋਧ ਕਰ ਰਹੇ ਹਨ। ਮੁੱਖ ਮੰਤਰੀ ਕੁਮਾਰਸਵਾਮੀ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਜੇਡੀਐੱਸ-ਕਾਂਗਰਸ ਗਠਜੋੜ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਿਊਜਰਸੀ ‘ਚ ਮੰਦਰ ਦੇ ਨੀਂਹ ਪੱਥਰ ਦੇ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਅਮਰੀਕਾ ਗਏ ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਸੂਬੇ ਦੇ ਤਾਜ਼ਾ ਘਟਨਾਕ੍ਰਮ ਤੋਂ ਉਹ ਜਾਣੂ ਹਨ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਕਰਨਾਟਕ ਪ੍ਰਧਾਨ ਬੀਐਸ ਯੇਦਿਯੁਰੱਪਾ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਦੇ ਅਸਤੀਫੇ ਦੀ ਖ਼ਬਰ ਬਾਰੇ ਪਤਾ ਲੱਗਿਆ ਹੈ ਪਰ ਉਨ੍ਹਾਂ ਹੋਰ ਜ਼ਿਆਦਾ ਅਸਤੀਫੇ ਹੋਣ ਦੀ ਭਵਿੱਖਬਾਣੀ ਕੀਤੀ।ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਆਪਣੇ ਆਪ ਡਿੱਗ ਜਾਵੇਗੀ। ਗੱਠਜੋੜ ਸਰਕਾਰ ਡਿੱਗਣ ‘ਤੇ ਨਵੀਂ ਸਰਕਾਰ ਬਣਾਉਣ ਲਈ ਭਾਜਪਾ ਸੰਵਿਧਾਨਕ ਵਿਵਸਥਾਵਾਂ ‘ਤੇ ਵਿਚਾਰ ਕਰੇਗੀ।