ਵਿਆਹ ਕਰ ਕੇ ਵਿਦੇਸ਼ ਭੱਜੇ 450 ਲਾੜਿਆਂ ਦੇ ਪਾਸਪੋਰਟ ਰੱਦ, ਵਿਦੇਸ਼ੋਂ ਪਰਤੇ 83 ਲਾੜੇ
ਵਿਆਹ ਕਰ ਕੇ ਵਿਦੇਸ਼ ਨੱਠੇ 450 ਲਾੜਿਆਂ ਦੇ ਪਾਸਪੋਰਟ ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਰੱਦ
ਚੰਡੀਗੜ੍ਹ, 1 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਵਿਆਹ ਕਰ ਕੇ ਵਿਦੇਸ਼ ਨੱਠੇ 450 ਲਾੜਿਆਂ ਦੇ ਪਾਸਪੋਰਟ ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਰੱਦ ਕਰ ਦਿਤੇ ਹਨ। ਪਾਸਪੋਰਟ ਦਫ਼ਤਰ ਦੀ ਕਾਰਵਾਈ ਤੋਂ ਬਾਅਦ 83 ਲਾੜੇ ਵਤਨ ਪਰਤ ਆਏ ਹਨ। ਇਸ ਵਿਚਕਾਰ ਰੀਜਨਲ ਪਾਸਪੋਰਟ ਦਫ਼ਤਰ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਨੂੰ ਅਜਿਹੇ ਭਾਰਤੀਆਂ ਦੇ ਵਿਰੁਧ ਕਾਰਵਾਈ ਲਈ ਲਿਖਿਆ ਹੈ, ਜਿਹੜੇ ਭਾਰਤ ਵਿਚ ਵਿਆਹ ਕਰਨ ਤੋਂ ਬਾਅਦ ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਨੱਠ ਗਏ। ਇਨ੍ਹਾਂ ਸਾਰਿਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ 20 ਹਜ਼ਾਰ ਤੋਂ ਜ਼ਿਆਦਾ ਲਾੜੇ ਵਿਆਹ ਕਰਨ ਤੋਂ ਬਾਅਦ ਵਿਦੇਸ਼ ਨੱਠ ਗਏ ਹਨ। ਰੀਜਨਲ ਪਾਸਪੋਰਟ ਦਫ਼ਤਰ ਨੇ 450 ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿਤੇ ਹਨ। ਪਾਸਪੋਰਟ ਦਫ਼ਤਰ ਦੇ ਕੋਲ ਪੀੜਤ ਧਿਰਾਂ ਵਲੋਂ ਵਿਆਹ ਕਰ ਕੇ ਵਿਦੇਸ਼ ਭੱਜੇ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਪਹੁੰਚ ਰਹੀ ਹੈ। ਪਾਸਪੋਰਟ ਦਫ਼ਤਰ ਦੀ ਕਾਰਵਾਈ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ 83 ਲਾੜੇ ਵਾਪਸ ਪਰਤ ਆਏ ਅਤੇ ਹੁਣ ਇਕ ਵਾਰ ਫਿਰ ਅਪਣੇ ਪਰਵਾਰ ਦੇ ਨਾਲ ਰਹਿਣ ਨੂੰ ਰਾਜ਼ੀ ਹੋ ਗਏ ਹਨ। 14 ਲਾੜਿਆਂ ਨੂੰ ਵੱਖ-ਵੱਖ ਏਅਰਪੋਰਟਾਂ ਉਤੇ ਲੈਂਡਿੰਗ ਕਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਾਸਪੋਰਟ ਦਫ਼ਤਰ ਦੇ ਕੋਲ ਹਾਲੇ ਲਗਪਗ 60 ਸ਼ਿਕਾਇਤਾਂ ਪੈਂਡਿੰਗ ਹਨ।