ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਲਈ ਦੋਵੇਂ ਦੇਸ਼ ਤੁਰਤ ਬਣਾਉਣ ਸਹਿਮਤੀ

Celebrated Foundation Day of Akal Takht Sahib

ਅੰਮ੍ਰਿਤਸਰ, 1 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ, ਕਿ੍ਰਸ਼ਨ ਸਿੰਘ ਦੁਸਾਂਝ): ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਪਣੇ ਸੰਬੋਧਨ ਵਿਚ ਜਿਥੇ ਸਮੁੱਚੀ ਸਿੱਖ ਕੌਮ ਨੂੰ ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਤੇ ਰਵਾਇਤਾਂ ਦੀ ਪਹਿਰੇਦਾਰੀ ਕਰਨ ਲਈ ਕਿਹਾ, ਉਥੇ ਹੀ ਸੋਸ਼ਲ ਮੀਡੀਆ ’ਤੇ ਸਿੱਖੀ ਵਿਰੁਧ ਹੋ ਰਹੇ ਹਮਲਿਆਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ।

ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਮੁੜ ਖੋਲ੍ਹਣ ਸਬੰਧੀ ਪਾਕਿਸਤਾਨ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਪਹਿਲਕਦਮੀ ਕਰੇ ਅਤੇ ਉਹ ਵੀ ਤੁਰਤ ਲਾਂਘਾ ਖੋਲ੍ਹੇ। ਦੋਵੇਂ ਦੇਸ਼ ਇਸ ’ਤੇ ਤੁਰਤ ਸਹਿਮਤੀ ਬਣਾਉਣ।

‘ਜਥੇਦਾਰ’ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਨੰਗਲਛਾਂਗਾ ਦੇ ਸਿੱਖ ਨੌਜਵਾਨ ਬਰਿੰਦਰ ਸਿੰਘ ਦੀ ਸਥਾਨਕ ਲੋਕਾਂ ਵਲੋਂ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਮਗਰੋਂ ਉਸ ਵਲੋਂ ਕੀਤੀ ਖ਼ੁਦਕੁਸ਼ੀ ਨੂੰ ਅਫ਼ਸੋਸਨਾਕ ਕਰਾਰ ਦਿਤਾ।  ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਖ਼ੁਦਕੁਸ਼ੀ ਸਮੇਂ ਸਿੱਖ ਨੌਜਵਾਨ ਵਲੋਂ ਲਾਈਵ ਹੋ ਕੇ ਜਿਨ੍ਹਾਂ ਲੋਕਾਂ ਦੇ ਨਾਮ ਲਏ ਗਏ ਹਨ ਉਨ੍ਹਾਂ ਵਿਰੁਧ ਧਾਰਾ 302 ਅਤੇ 295 ਏ ਤਹਿਤ ਮਾਮਲਾ ਦਰਜ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ।