ਢੀਂਡਸਾ ਨੇ ਟਕਸਾਲੀ ਅਕਾਲੀ ਦਲ ਵਲੋਂ ਕੀਤੀ ਪ੍ਰਧਾਨਗੀ ਦੀ ਪੇਸ਼ਕਸ਼ ਠੁਕਰਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸ਼ਰਤਾਂ ਨਾਲ ਪ੍ਰਧਾਨਗੀਆਂ ਨਹੀਂ ਦਿਤੀਆਂ ਜਾਂਦੀਆਂ

Sukhdev Singh Dhindsa

ਚੰਡੀਗੜ੍ਹ, 1 ਜੁਲਾਈ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਵਲੋਂ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪ੍ਰਧਾਨਗੀ ਸੰਭਾਲਣ ਦੀ ਤਾਜ਼ਾ ਪੇਸ਼ਕਸ਼ ਸਿਰੇ ਤੋਂ ਨਕਾਰ ਦਿਤੀ ਹੈ। ਸ. ਢੀਂਡਸਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਫ਼ੋਨ 'ਤੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਕਾਇਦਾ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਭੰਗ ਕਰ ਕੇ ਆਪਸੀ ਸਹਿਮਤੀ ਨਾਲ ਨਵੀਂ ਪਾਰਟੀ ਦੇ ਗਠਨ ਕਰਨ ਦੇ ਹੱਕ ਵਿਚ ਹਨ।

ਦਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਢੀਂਡਸਾ ਨੂੰ ਨਵੀਂ ਪਾਰਟੀ ਬਣਾਉਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹੀ ਪ੍ਰਧਾਨਗੀ ਸੰਭਾਲ ਲੈਣ ਦੀ ਪੇਸ਼ਕਸ਼ ਕੀਤੀ ਹੈ ਜਿਸ ਦੇ ਜਵਾਬ ਵਿਚ ਢੀਂਡਸਾ ਨੇ ਕਿਹਾ ਕਿ ਅਜਿਹੀ ਪੇਸ਼ਕਸ਼ ਕਦੇ ਵੀ ਸ਼ਰਤਾਂ ਸਹਿਤ ਦਿਤੀ ਜਾਂ ਸਵੀਕਾਰ ਕੀਤੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਹਰ ਅਹੁਦੇ ਦੀ ਇਕ ਮਰਿਆਦਾ ਅਤੇ ਵਿਧੀ ਵਿਧਾਨ ਹੁੰਦਾ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਬ੍ਰਹਮਪੁਰਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਬਣਾਈ ਹੋਈ ਜਥੇਬੰਦੀ ਵੀ ਕਾਇਮ ਰਹੇ ਤੇ ਸ਼ਰਤਾਂ ਵੀ ਪੁਗਦੀਆਂ ਰਹਿਣ।

ਢੀਂਡਸਾ ਨੇ ਕਿਹਾ ਕਿ ਅਜਿਹੀ ਪ੍ਰਧਾਨਗੀ ਦੀ ਕੋਈ ਤੁਕ ਨਹੀਂ ਬਣਦੀ। ਢੀਂਡਸਾ ਨੇ ਕਿਹਾ ਉਹ ਅਪਣਾ ਆਖ਼ਰੀ ਫ਼ੈਸਲਾ ਅਪਣੇ ਸਾਥੀਆਂ ਅਤੇ ਸਹਿਯੋਗੀਆਂ ਦੀ ਸਲਾਹ ਨਾਲ ਲੈਣਗੇ। ਦਸਣਯੋਗ ਹੈ ਕਿ ਹੁਣ ਤਕ ਮੰਨਿਆ ਜਾਂਦਾ ਰਿਹਾ ਹੈ ਕਿ ਢੀਂਡਸਾ ਟਕਸਾਲੀ ਅਕਾਲੀ ਦਲ ਖ਼ਾਸਕਰ ਇਸ ਦੀ ਲੀਡਰਸ਼ਿਪ ਨਾਲ ਚੱਟਾਨ ਵਾਂਗ ਖੜ੍ਹੇ ਹਨ ਪਰ ਇਨ੍ਹਾਂ ਤਾਜ਼ਾ ਬਿਆਨਾਂ ਤੋਂ ਪੰਜਾਬ ਵਿਚ ਤੀਜੇ ਫ਼ਰੰਟ ਦੀ ਰਾਜਨੀਤੀ ਖਾਸ ਕਰ ਅਕਾਲੀ ਸਿਆਸਤ ਵਿਚ ਇਕ ਵਾਰ ਫਿਰ ਨਵੀਂ ਚਰਚਾ ਛਿੜ ਗਈ ਹੈ।