ਫ਼ਾਸਟ ਫ਼ੂਡ ਦੀ ਦੁਕਾਨ ਦੇ ਮੂਹਰੇ ਹੋਏ ਧਮਾਕੇ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਲਿਆ ਜਾਇਜ਼ਾ

File Photo

ਬਾਘਾ ਪੁਰਾਣਾ, 1 ਜੁਲਾਈ (ਸੰਦੀਪ ਬਾਘੇਵਾਲੀਆ): ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ ਉਤੇ ਇਕ ਫ਼ਾਸਟ ਫ਼ੂਡ ਦੀ ਦੁਕਾਨ ਦੇ ਮੂਹਰੇ ਹੋਏ ਇਕ ਬੰਬ ਧਮਾਕੇ ਨਾਲ ਇਕ ਵਿਅਕਤੀ ਜ਼ਖ਼ਮੀ ਹੋਣ ਅਤੇ ਦੁਕਾਨ ਦੇ ਸ਼ੀਸ਼ੇ ਵਿਚ ਹੋਈ ਮੋਰੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਵਿਭਾਗ ਨੇ ਡੂੰਘਾਈ ਨਾਲ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ। ਵਾਪਰੀ ਘਟਨਾ ਵਾਲੀ ਥਾਂ ਉਤੇ ਅੱਜ ਸਵੇਰੇ ਆਈ.ਜੀ. ਕੋਸ਼ਤਵ ਸ਼ਰਮਾ ਫ਼ਰੀਦਕੋਟ, ਐਸ.ਐਸ.ਪੀ ਹਰਮਨਬੀਰ ਸਿੰਘ ਮੋਗਾ, ਐਸ.ਪੀ ਹਰਿੰਦਰਪਾਲ ਸਿੰਘ ਮੋਗਾ, ਗੁਰਦੀਪ ਸਿੰਘ ਐਸ.ਪੀ ਮੋਗਾ, ਡੀ.ਐਸ.ਪੀ ਜਸਬਿੰਦਰ ਸਿੰਘ ਅਤੇ ਵੱਖ-ਵੱਖ ਥਾਣਿਆਂ ਦੇ ਮੁਖੀ ਵੀ ਪਹੁੰਚੇ ਹੋਏ ਸਨ, ਕਿਉਂਕਿ ਕਲ ਸ਼ਾਮੀ ਵਾਪਰੀ ਧਮਾਕੇ ਦੀ ਘਟਨਾ ਬਾਰੇ ਇਹ ਦਸਿਆ ਜਾ ਰਿਹਾ ਸੀ ਕਿ ਕੋਰੀਅਰ ਮਾਲਕ ਦੀ ਕਿੱਟ ਵਿਚੋਂ ਪਾਰਸਲ ਫਟਿਆ ਹੈ, ਪਰ ਜ਼ਿਲ੍ਹਾ ਪੁਲਿਸ ਮੁੁਖੀ ਨੇ ਮੌਕੇ ’ਤੇ ਪਹੁੰਚ ਕੇ ਇਸ ਗੱਲ ਨੂੰ ਖ਼ਾਰਿਜ ਕਰ ਦਿਤਾ ਸੀ ਕਿ ਇਹ ਮਾਮਲਾ ਕੁੱਝ ਹੋਰ ਹੀ ਲੱਗਦਾ ਹੈ। 

ਇਸ ਲਈ ਪੁਲਿਸ ਵਿਭਾਗ ਬਰੀਕੀ ਤਕ ਜਾਂਚ ਕਰੇਗਾ, ਕਿਉਂਕਿ ਕਿੱਟ ਵਿਚਲਾ ਕੋਰੀਅਰ ਸਮਾਨ ਬਿਲਕੁਲ ਠੀਕ-ਠਾਕ ਪਾਇਆ ਗਿਆ ਸੀ। ਇਹ ਇਕ ਸ਼ਾਜਿਸ਼ ਤਹਿਤ ਅਨਸਰਾਂ ਵਲੋਂ ਰਚਿਆ ਗਿਆ ਕਾਰਨਾਮਾ ਹੋ ਸਕਦਾ ਹੈ। ਜਾਂਚ ਲਈ ਅੱਜ ਨੈਸ਼ਨਲ ਇੰਨਵੈਸਟੀਗੇਸ਼ਨ ਦੀ ਟੀਮ ਘਟਨਾ ਵਾਲੀ ਥਾਂ ’ਤੇ ਪੁੱਜੀ ਜਿਥੇ ਉਨ੍ਹਾਂ ਨੇ ਕੁਝ ਖਿਲਰੇ ਪੱਥਰ ਟੁਕੜੇ ਅਤੇ ਇਕ ਖੋਲ ਕਬਜ਼ੇ ਵਿਚ ਲਿਆ ਅਤੇ ਦੁਕਾਨ ਮੂਹਰੇ ਨਿਕਲਦੇ ਗੰਦੇ ਪਾਣੀ ਵਾਲੇ ਨਾਲੇ ਨੂੰ ਵੀ ਫ਼ਰੋਲਿਆ ਜਿਥੋਂ ਕੁੱਝ ਟੁਕੜੇ ਬਰਾਮਦ ਕੀਤੇ ਗਏ। ਇਸ ਦੌਰਾਨ ਹੋਰ ਵੀ ਜਾਂਚ ਟੀਮਾਂ ਪਹੁੰਚੀਆਂ ਹੋਈਆਂ ਸਨ     

ਆਈ.ਜੀ ਪੁਲਸ ਕੋਸ਼ਤਵ ਸ਼ਰਮਾ ਨੇ ਦਸਿਆ ਕਿ ਭਾਂਵੇ ਇਹ ਮਾਮਲਾ ਦੇਸ਼ ਵਿਰੋਧੀ ਨਹੀਂ ਹੈ, ਪਰ ਪੁਲਿਸ ਇਸ ਨੂੰ ਬਰੀਕੀ ਵਿਚ ਜਾਂਚ ਕਰਨ ਲਈ ਕੋਈ ਢਿੱਲ ਨਹੀਂ ਵਰਤੇਗੀ ਅਤੇ ਹਰ ਸੰਭਵ ਤਰੀਕਾ ਵਰਤਕੇ ਸਾਰੇ ਮਾਮਲੇ ਨੂੰ ਉਜਾਗਰ ਕਰਨ ਦੀ ਕੋਸ਼ਿਸ ਕਰੇਗੀ ਕਿ ਧਮਾਕੇ ਵਾਲਾ ਪਦਾਰਥ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਲਈ ਪੁਲਿਸ ਵਲੋਂ ਵਧੇਰੇ ਏਜੰਸੀਆਂ ਤਾਇਨਾਤ ਕੀਤੀਆ ਗਈਆਂ ਹਨ ਤਾਂ ਕਿ ਸਾਰਾ ਮਾਮਲਾ ਖੋਲਿ੍ਹਆ ਜਾ ਸਕੇ, ਜਿਸ ਲਈ ਪੁਲਿਸ ਨੇ ਨੇੜਲੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ।

ਧਮਾਕਾ ਕਿਸੇ ਧਮਾਕਾ ਖੇਜ਼ ਸਮੱਗਰੀ ਜਾਂ ਵਿਸਫ਼ੋਟ ਕਾਰਨ ਹੋਇਆ ਹੈ। ਇਸ ਉਪਰੰਤ ਆਸ ਪਾਸ ਦੇ ਲੋਕ ਜਮ੍ਹਾਂ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਧਮਾਕੇ ਨਾਲ ਹੋਏ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਦੇ ਉਚ ਅਧਿਕਾਰੀ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੇ ਹਨ । ਪੁਲਿਸ ਇਹ ਜਾਣਨ ਦਾ ਯਤਨ ਕਰ ਹੈ ਕਿ ਉਕਤ ਧਮਾਕਾ ਕਿਵੇਂ ਹੋਇਆ।