ਬਿਮਾਰ ਪਿਓ ਦਾ ਇਲਾਜ ਕਰਵਾਉਣ ਲਈ 10 ਸਾਲਾ ਗੁਰਸਿੱਖ ਬੱਚਾ ਤਪਦੀ ਧੁੱਪ ਵਿਚ ਪੁੱਟਦਾ ਪਨੀਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਉ ਦੇ ਇਲਾਜ ਲਈ ਪਾਈ-ਪਾਈ ਜੋੜ ਰਿਹਾ 10 ਸਾਲਾ ਗੁਰਸਿੱਖ ਬੱਚਾ

10-year-old Gursikh digs up cheese in the scorching sun to treat a sick father

ਗੁਰਦਾਸਪੁਰ (ਨਿਤਿਨ ਲੂਥਰਾ ) ਰੱਬ ਦੀ ਖੇਡ ਬੜੀ ਨਿਆਰੀ ਹੈ। ਕਿਸੇ ਕੋਲ ਇੰਨਾ ਪੈਸਾ ਹੈ ਕਿ ਚੁਬਾਰੇ ਉੱਪਰ ਚੁਬਾਰਾ ਲੱਦੀ ਜਾ ਰਿਹਾ ਤੇ ਕਈਆਂ ਨੂੰ ਇਕ ਟਾਈਮ ਦੀ ਰੋਟੀ ਦਾ ਫਿਕਰ ਪਿਆ ਹੁੰਦਾ ਹੈ ਨਾ ਸਿਰ 'ਤੇ ਛੱਤ ਅਤੇ ਨਾ ਹੀ ਇਲਾਜ ਲਈ ਪੈਸੇ ਹੁੰਦੇ ਹਨ। 

ਤਰਸਯੋਗ ਹਾਲਤ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਇਹ ਪਰਿਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੱਲੂ ਸੋਹਲ 'ਚ ਰਹਿੰਦਾ ਹੈ। ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲਾ ਕਮਾਊ ਜੀਅ ਮੰਜੇ 'ਤੇ ਪਿਆ ਹੈ। ਪਿਓ ਪਥਰੀ ਦੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਦੋ ਆਪ੍ਰੇਸ਼ਨ ਹੋ ਚੁੱਕੇ ਹਨ ਡਾਕਟਰਾਂ ਨੇ ਤੀਜੇ ਆਪ੍ਰੇਸ਼ਨ ਲਈ ਤਰੀਕ ਦਿੱਤੀ ਹੋਈ ਹੈ।

ਪਰਿਵਾਰ 'ਚ 5 ਜੀਅ ਹਨ । ਤਿੰਨ ਬੱਚੇ ਅਤੇ ਪਤੀ-ਪਤਨੀ। ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਖਾਣ ਲਈ ਰੋਟੀ ਤਕ ਨਹੀਂ ਹੈ। ਫਿਰ ਵੀ ਬੱਚਿਆਂ ਅਤੇ ਮਾਂ ਨੇ ਹਿੰਮਤ ਨਹੀਂ ਛੱਡੀ। ਮਾਂ ਲੋਕਾਂ ਦੇ ਘਰਾਂ 'ਚ ਝਾੜੂ-ਪੋਚਾ ਲਾਉਂਦੀ ਹੈ। ਜਦਕਿ10 ਸਾਲਾ ਬੱਚਾ ਅੰਮ੍ਰਿਤਪਾਲ ਖੇਤਾਂ 'ਚ ਪਨੀਰੀ ਪੁੱਟਦਾ ਹੈ, ਜਿਸ ਬਦਲੇ ਉਸ ਨੂੰ 15 ਰੁਪਏ ਮਿਲਦੇ ਹਨ। ਪਿਓ ਦੇ ਇਲਾਜ ਲਈ ਪਾਈ-ਪਾਈ ਜੋੜ ਰਿਹਾ ਹੈ।

ਸਰਬਜੀਤ ਕੌਰ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਮਕਾਨ ਡਿੱਗ ਗਿਆ ਸੀ। ਜਿਸ ਨੂੰ ਦੁਬਾਰਾ ਖੜ੍ਹਾ ਕਰਨ ਲਈ ਪੈਸੇ ਨਹੀਂ ਹਨ। ਕੰਧਾਂ ਉੱਪਰ ਤਰਪਾਲ ਪਾ ਕੇ ਜ਼ਿੰਦਗੀ ਕੱਟ ਰਹੇ ਹਨ।  ਘਰ ਦੀ ਗਰੀਬੀ ਅਤੇ ਪਿਓ ਦੀ ਬਿਮਾਰੀ ਬਾਰੇ ਦੱਸਦੇ ਹੋਏ ਅੰਮ੍ਰਿਤਪਾਲ ਦੀਆਂ ਅੱਖਾਂ 'ਚੋਂ ਹੰਝੂ ਵੱਗਦੇ ਰਹੇ। ਉਸ ਨੂੰ ਪਤਾ ਹੈ ਕਿ ਇਲਾਜ ਲਈ ਹਜ਼ਾਰਾਂ-ਲੱਖਾਂ ਰੁਪਏ ਦਾ ਖਰਚਾ ਹੈ ਪਰ ਫਿਰ ਵੀ ਉਹ ਆਪਣੇ ਪਿਓ ਨੂੰ ਖੋਣਾ ਨਹੀਂ ਚਾਹੁੰਦਾ।

ਪਤਾ ਨਹੀਂ ਪਰਮਾਤਮਾ ਕਿਉਂ ਅਜਿਹੇ ਪਰਿਵਾਰਾਂ ਅਤੇ ਬੱਚਿਆਂ ਨਾਲ ਰੁੱਸਿਆ ਹੋਇਆ ਹੈ। ਬੱਚਿਆਂ ਦੇ ਸਿਰ 'ਤੇ ਪਿਓ ਦਾ ਸਾਇਆ ਬਣਿਆ ਰਹੇ, ਇਸ ਖ਼ਾਤਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਮਦਦ ਲਈ ਜ਼ਰੂਰ ਹੱਥ ਅੱਗੇ ਵਧਾਈਏ। ਰਹਿੰਦੀ ਦੁਨੀਆਂ ਤਕ ਇਸ ਪਰਿਵਾਰ ਤੁਹਾਨੂੰ ਅਸੀਸਾਂ ਜ਼ਰੂਰ ਦੇਵੇਗਾ।
ਪਰਿਵਾਰ ਦੀ ਮਦਦ ਲਈ 77196-56510 ਕਰੋ ਸੰਪਰਕ