ਡਰੋਨ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਸਮਰੱਥਾ ਵਧਾ ਰਹੀ ਹੈ ਫ਼ੌਜ : ਫ਼ੌਜ ਮੁਖੀ

ਏਜੰਸੀ

ਖ਼ਬਰਾਂ, ਪੰਜਾਬ

ਡਰੋਨ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਸਮਰੱਥਾ ਵਧਾ ਰਹੀ ਹੈ ਫ਼ੌਜ : ਫ਼ੌਜ ਮੁਖੀ

image

ਪਾਕਿ ਨਾਲ ਜੰਗਬੰਦੀ ਸਮਝੌਤੇ ਤੋਂ ਬਾਅਦ ਘੁਸਪੈਠ ਨਹੀਂ 

ਨਵੀਂ ਦਿੱਲੀ, 1 ਜੁਲਾਈ : ਫ਼ੌਜ ਮੁਖੀ ਜਨਰਲ ਐਮ ਐਮ ਨਰਵਣੇ ਨੇ ਵੀਰਵਾਰ ਨੂੰ ਕਿਹਾ ਕਿ ਡਰੋਨ ਦੇ ਆਸਾਨੀ ਨਾਲ ਮਿਲਣ ਕਾਰਨ ਸੁਰੱਖਿਆ ਚੁਣੌਤੀਆਂ ਦੀ ਗੁੰਝਲ ਵਧੀਜ ਹੈ ਅਤੇ ਭਾਰਤੀ ਫ਼ੌਜ ਖ਼ਤਰਿਆਂ ਨਾਲ ਚੰਗੇ ਤਰੀਕੇ ਨਾਲ ਨਜਿੱਠਣ ਲਈ ਸਮਰਥਾ ਵਧਾ ਰਹੀ ਹੈ, ਚਾਹੇ ਉਹ ਖ਼ਤਰੇ ਦੇਸ਼ ਵਿਚ ਤਿਆਰ ਕੀਤੇ ਹੋਣ ਜਾਂ ਹੋਰ ਦੇਸ਼ਾਂ ਨੇ ਪੈਦਾ ਕੀਤੇ ਹੋਣ। ਇਕ ਵਿਚਾਰ ਸਮੂਹ (ਥਿੰਕ ਟੈਂਕ) ਵਿਚ ਅਪਣੇ ਸੰਬੋਧਨ ਵਿਚ ਨਰਵਣੇ ਨੇ ਕਿਹਾ ਕਿ ਸੁਰੱਖਆ ਦਫ਼ਤਰ ਚੁਣੌਤੀਆਂ ਤੋਂ ਜਾਣੂ ਹਨ ਅਤੇ ਇਸ ਨਾਲ ਨਜਿੱਠਣ ਲਈ ਕੁੱਝ ਕਦਮ ਚੁਕ ਰਹੇ ਹਨ। ਉਨ੍ਹਾਂ ਕਿਹਾ,‘‘ਅਸੀਂ ਖ਼ਤਰੇ ਨਾਲ ਨਜਿੱਠਣ ਲਈ ਸਮਰਥਾ ਵਧਾ ਰਹੇ ਹਾਂ। ਅਸੀਂ ਡਰੋਨ ਖ਼ਤਰੇ ਨਾਲ ਨਜਿੱਠਣ ਲਈ ਸਮਰਥਾ ਵਧਾ ਰਹੇ ਹਾਂ।’’
      ਜੰਮੂ ਕਸ਼ਮੀਰ ਵਿਚ ਸਰਹੱਦੀ ਰੇਖਾ ’ਤੇ ਹਾਲਾਤ ਬਾਰੇ ਫ਼ੌਜ ਮੁਖੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਵਿਚਾਲੇ ਫ਼ਰਵਰੀ ਵਿਚ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਸਰਹੱਦੀ ਰੇਖਾ ’ਤੇ ਕੋਈ ਘੁਸਪੈਠ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੋਈ ਘੁਸਪੈਠ ਨਾ ਹੋਣ ਕਾਰਨ ਕਸ਼ਮੀਰ ਵਿਚ ਅਤਿਵਾਦੀਆਂ ਦੀ ਗਿਣਤੀ ਘੱਟ ਹੈ ਅਤੇ ਅਤਿਵਾਦ ਨਾਲ ਸਬੰਧਤ ਘਟਨਾਵਾਂ ਵੀ ਘੱਟ ਹੋਈਆਂ ਹਨ।             ਉਨ੍ਹਾਂ ਕਿਹਾ,‘‘ਹਮੇਸ਼ਾਂ ਅਜਿਹੇ ਤੱਤ ਰਹਿਣਗੇ ਜੋ ਸ਼ਾਂਤੀ ਅਤੇ ਵਿਕਾਸ ਵਿਚ ਅੜਿੱਕਾ ਲਾਉਣ ਦੀ ਕੋਸ਼ਿਸ਼ ਕਰਨਗੇ, ਅਸੀਂ ਇਸ ਦਾ ਧਿਆਨ ਰਖਣਾ ਹੈ।’’ ਫ਼ੌਜ ਮੁਖੀ ਨੇ ਕਿਹਾ,‘‘ਸਾਡਾ ਜੰਮੂ ਕਸ਼ਮੀਰ ਵਿਚ ਅਤਿਵਾਦ ਰੋਕੂ ਅਤੇ ਘੁਸਪੈਠ ਰੋਕੂ ਮਜ਼ਬੂਤ ਤੰਤਰ ਹੈ ਅਤੇ ਸ਼ਾਂਤੀ ਅਤੇ ਸਬਰ ਯਕੀਨੀ ਕਰਨ ਦਾ ਸਾਡਾ ਅਭਿਆਨ ਜਾਰੀ ਰਹੇਗਾ।’’ (ਏਜੰਸੀ)