ਬਿਜਲੀ ਕੱਟਾਂ ਨੂੰ ਲੈ ਕੇ ਬੀਬੀ ਬਾਦਲ ਦਾ ਸਰਕਾਰ 'ਤੇ ਵਾਰ, ਮਨਪ੍ਰੀਤ ਬਾਦਲ ਨੂੰ ਵੀ ਸੁਣਾਈਆਂ ਖਰੀਆਂ 

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਸਾਹਿਬ 50 ਏਸੀ ਵਾਲੇ ਫਾਰਮ ਹਾਊਸ ਵਿਚ ਠੰਢੀ ਹਵਾ ਲੈ ਰਹੇ ਹਨ ਤੇ ਲੋਕੀਂ ਪੱਖੀਆਂ ਝੱਲ-ਝੱਲ ਪਾਗਲ ਹੋ ਰਹੇ ਹਨ।

Harsimrat Badal

ਬਠਿੰਡਾ: ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਖਿਲਾਫ਼ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਹਨਾਂ ਧਰਨਿਆਂ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਪੁੱਜੀ। ਹਰਸਿਮਰਤ ਬਾਦਲ ਨੇ ਇੱਥੇ ਪੁੱਜਦਿਆਂ ਹੀ ਆਪਣੇ ਦਿਓਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਹਰਸਿਰਤ ਬਾਦਲ ਨੇ ਬਠਿੰਡਾ ਸੀਟ ਤੋਂ ਸਰੂਪ ਚੰਦ ਸਿੰਗਲਾ ਨੂੰ ਅਕਾਲੀ ਦਲ ਉਮੀਦਵਾਰ ਵੀ ਐਲਾਨ ਕੀਤੇ ਹੈ।

ਇਸ ਮੌਕੇ ਉਹਨਾਂ ਕਿਹਾ ਕਿ ਸਾਰੇ ਥਰਮਲ ਪਲਾਂਟ ਬੰਦ ਕਰ ਕੇ ਸਾਰੀ ਬਿਜਲੀ ਅੱਜ ਬੰਦ ਕਰ ਦਿੱਤੀ ਗਈ ਹੈ। ਖੁਦ ਕੈਪਟਨ ਸਾਹਿਬ 50 ਏਸੀ ਵਾਲੇ ਫਾਰਮ ਹਾਊਸ ਵਿਚ ਠੰਢੀ ਹਵਾ ਲੈ ਰਹੇ ਹਨ ਤੇ ਲੋਕੀਂ ਪੱਖੀਆਂ ਝੱਲ-ਝੱਲ ਪਾਗਲ ਹੋ ਰਹੇ ਹਨ। ਇਸ ਤੋਂ ਦੁਖਦਾਈ ਗੱਲ ਹੋਰ ਕੀ ਹੋ ਸਕਦੀ ਹੈ। ਕਿਸਾਨਾਂ ਦੀ ਫਸਲ ਅੱਜ ਸੜ ਰਹੀ ਹੈ ਕਿਉਂਕਿ ਮੋਦੀ ਨੇ 100 ਰੁਪਏ ਲਿਟਰ ਤੇਲ ਕਰ ਦਿੱਤਾ ਹੈ। ਕਿਸਾਨ ਕਿਵੇਂ ਤੇਲ ਲਵੇਗਾ।

ਉਨ੍ਹਾਂ ਨੇ ਮਨਪ੍ਰੀਤ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੇ ਘਮੰਡ ਕਰਦੇ ਹਨ, ਉਹ ਜਾਣ ਲੈਣ ਕਿ ਜਿਨ੍ਹਾਂ ਦੇ ਨਾਂ ਪਿੱਛੇ ਬਾਦਲ ਲੱਗਦਾ ਹੈ, ਉਨ੍ਹਾਂ ਦੀ ਹੀ ਦੂਜੀ ਪਾਰਟੀ ਵਿੱਚ ਪੁੱਛਗਿੱਛ ਹੁੰਦੀ ਹੈ, ਨਹੀਂ ਤਾਂ ਅਜਿਹਾ ਫੇਲ੍ਹ ਬਾਦਲ ਅੱਜ ਤੱਕ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਫੇਲ੍ਹ ਸੀ ਤਾਂ ਹੀ ਕੱਢ ਦਿੱਤਾ। ਪੀਪੀਪੀ ਵਿੱਚ ਗਿਆ ਉਹ ਵੀ ਫੇਲ੍ਹ ਕਰਤੀ। ਅੱਜ ਕਾਂਗਰਸ ਵਿੱਚ ਗਿਆ ਤਾਂ ਉਹ ਵੀ ਫੇਲ੍ਹ ਹੋ ਗਈ।

ਇਹ ਵੀ ਪੜੋ - ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ 3 ਕੈਦੀਆਂ ਕੋਲੋਂ 3.85 ਗ੍ਰਾਮ ਚਿੱਟਾ ਬਰਾਮਦ, ਮਾਮਲਾ ਦਰਜ   

ਬੀਬੀ ਬਾਦਲ ਨੇ ਕਿਹਾ ਕਿ ਉਸ ਨੇ ਤਾਂ ਬਠਿੰਡਾ ਵੀ ਫੇਲ੍ਹ ਕਰਤਾ। ਇਸ ਲਈ ਉਨ੍ਹਾਂ ਤੋਂ ਬਾਦਲ ਲੈ ਕੇ ਹੁਣ ਸਿੰਗਲਾ ਸਾਹਿਬ ਨੂੰ ਬਾਦਲ ਬਣਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਪਰਿਵਾਰ ਵਿੱਚ ਜੰਮ ਕੇ ਤਾਏ ਦਾ ਨਾ ਹੋਇਆ, ਉਹ ਕਿਸੇ ਦਾ ਕੀ ਹੋਵੇਗਾ। ਦਰਅਸਲ ਅੱਜ ਬਠਿੰਡਾ ਸਿਰਕੀ ਬਾਜ਼ਾਰ ਵਿੱਚ ਅਕਾਲੀ ਦਲ ਵੱਲੋਂ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤੀ। ਇਸ ਮੌਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਉਨ੍ਹਾਂ ਕਿਹਾ ਜਿਸ ਤਰ੍ਹਾਂ ਕਾਂਗਰਸ ਨੇ ਲੁਟੇਰਿਆਂ, ਠੱਗਾਂ, ਚੋਰਾਂ ਦੀ ਸਰਕਾਰ ਬਣਾ ਕੇ ਦਿਖਾਈ, ਅੱਜ ਹਰ ਇੱਕ ਵਰਗ ਸੜਕਾਂ 'ਤੇ ਉੱਤਰਿਆ ਹੋਇਆ ਹੈ। ਇਨ੍ਹਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ।