ਬੰਗਾਲ ਵਿਧਾਨ ਸਭਾ ਵਿਚ ਭਾਜਪਾ ਵਿਧਾਇਕਾਂ ਦਾ ਹੰਗਾਮਾ, ਰਾਜਪਾਲ ਧਨਖੜ ਨੇ ਅਪਣਾ ਭਾਸ਼ਣ ਵਿਚਾਲੇ ਛਡਿਆ

ਏਜੰਸੀ

ਖ਼ਬਰਾਂ, ਪੰਜਾਬ

ਬੰਗਾਲ ਵਿਧਾਨ ਸਭਾ ਵਿਚ ਭਾਜਪਾ ਵਿਧਾਇਕਾਂ ਦਾ ਹੰਗਾਮਾ, ਰਾਜਪਾਲ ਧਨਖੜ ਨੇ ਅਪਣਾ ਭਾਸ਼ਣ ਵਿਚਾਲੇ ਛਡਿਆ

image

ਕੋਲਕਾਤਾ, 2 ਜੁਲਾਈ : ਪਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਨਵ ਗਠਤ ਸੂਬਾ ਵਿਧਾਨਸਭਾ ਵਿਚ ਸ਼ੁਕਰਵਾਰ ਨੂੰ ਵਿਰੋਧੀ ਭਾਜਪਾ ਮੈਂਬਰਾਂ ਦੇ ਹੰਗਾਮੇ ਕਾਰਨ ਅਪਣਾ ਭਾਸ਼ਣ ਵਿਚਾਲੇ ਹੀ ਛੱਡਣਾ ਪਿਆ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੇ ਸੂਬੇ ਵਿਚ ਵਿਧਾਨਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਲਈ ਸਦਨ ਵਿਚ ਹੰਗਾਮਾ ਕੀਤਾ। ਧਨਖੜ ਨਵੀਂ ਬਣੀ ਵਿਧਾਨਸਭਾ ਵਿਚ ਅਪਣਾ ਪਹਿਲਾ ਭਾਸ਼ਣ ਦੇਣ ਲਈ ਦੁਪਹਿਰ ਨੂੰ ਪਹੁੰਚੇ ਪਰ ਉਹ ਸਿਰਫ਼ ਤਿੰਨ-ਚਾਰ ਮਿੰਟ ਹੀ ਬੋਲ ਸਕੇ ਕਿਉਂਕਿ ਪ੍ਰਦਰਸ਼ਨ ਕਰਨ ਲਈ ਪੋਸਟਰ ਅਤੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਕਥਿਤ ਪੀੜਤਾਂ ਦੀਆਂ ਤਸਵੀਰਾਂ ਨਾਲ ਭਾਜਪਾ ਮੈਂਬਰ ਵਿਧਾਨਸਭਾ ਪ੍ਰਧਾਨ ਦੀ ਕੁਰਸੀ ਨੇੜੇ ਪਹੁੰਚ ਗਏ। 
  ਵਿਧਾਨਸਭਾ ਸੂਤਰਾਂ ਮੁਤਾਬਕ ਰਾਜਪਾਲ ਨੇ ਅਪਣਾ ਭਾਸ਼ਣ ਪੂਰੀ ਤਰ੍ਹਾਂ ਨਹੀਂ ਪੜਿ੍ਹਆ ਤੇ ਉਸ ਨੂੰ ਸਦਨ ਵਿਚ ਮੇਜ ’ਤੇ ਰੱਖ ਦਿਤਾ ਤੇ ਉਥੋਂ ਚਲੇ ਗਏ। ਰਾਜਪਾਲ ਦੇ ਸਦਨ ਤੋਂ ਬਾਹਰ ਨਿਕਲਣ ਦੌਰਾਨ ਉਨ੍ਹਾਂ ਨਾਲ ਵਿਧਾਨਸਭਾ ਪ੍ਰਧਾਨ ਬਿਮਾਨ ਬੈਨਰਜੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਭਾਜਪਾ ਵਿਧਾਇਕ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਸਨ ਕਿਉਂਕਿ ਵਿਧਾਇਕਾਂ ਵਿਚਾਲੇ ਤਕਸੀਮ ਕੀਤੀ ਗਈ ਭਾਸ਼ਣ ਦੀ ਨਕਲ ਵਿਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦਾ ਕੋਈ ਜ਼ਿਕਰ ਨਹੀਂ ਸੀ।
  ਅਧਿਕਾਰੀ ਨੇ ਕਿਹਾ,‘‘ਅਸੀਂ ਰਾਜਪਾਲ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਰਹੇ। ਉਨ੍ਹਾਂ ਨੂੰ ਸੂਬਾ ਸਰਕਾਰ ਵਲੋਂ ਤਿਆਰ ਕੀਤੇ ਗਏ ਭਾਸ਼ਣ ਪੜ੍ਹਨ ਲਈ ਮਜਬੂਰ ਕੀਤਾ ਗਿਆ।’’ ਜ਼ਿਕਰਯੋਗ ਹੈ ਕਿ ਮਾਰਚ-ਅਪ੍ਰੈਨ ਵਿਚ ਹੋਈਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਲਈ ਧਨਖੜ ਨੇ ਕਈ ਵਾਰ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਨਖੇਧੀ ਕੀਤੀ ਹੈ।