ਕਿਸਾਨਾਂ ਨੇ ਬੀਜੇਪੀ ਲੀਡਰ ਹਰਜੀਤ ਗਰੇਵਾਲ ਦੇ ਖੇਤ ਵਿੱਚੋਂ ਪੁੱਟਿਆ ਝੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਰੇਵਾਲ ਨੂੰ ਖੁਦ ਝੋਨਾ ਲਾਉਣ ਦੀ ਦਿੱਤੀ ਚਿਤਾਵਨੀ

Farmers uproot paddy from BJP leader Harjeet Grewal's field

ਬਰਨਾਲਾ( ਲਖਵੀਰ ਚੀਮਾ) ਕਿਸਾਨਾਂ ਅੰਦਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਖਿਲਾਫ ਗੁੱਸਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੇ ਹਰਜੀਤ ਗਰੇਵਾਲ ਦਾ ਸਮਾਜਿਕ ਬਾਈਕਾਟ ਕਰਦਿਆਂ ਉਸ ਦੀ ਬਰਨਾਲਾ ਦੇ ਕਸਬਾ ਧਨੋਲਾ ਸਥਿਤ ਜ਼ਮੀਨ ਠੇਕੇ ’ਤੇ ਨਾ ਲੈਣ ਦੀ ਗੱਲ ਕਹੀ ਸੀ।

ਇਸ ਦੌਰਾਨ ਇਕ ਸਥਾਨਕ ਵਾਸੀ ਨੇ ਗਰੇਵਾਲ ਦੀ ਜ਼ਮੀਨ ਵਿਚ ਝੋਨਾ ਲਾ ਲਿਆ। ਜਦੋਂ ਕਿਸਾਨ ਯੂਨੀਅਨ ਦੇ ਆਗੂ ਉਸ ਨੂੰ ਸਮਝਾਉਣ ਗਏ ਤਾਂ ਉਸ ਨੇ ਕਿਸਾਨ ਬੀਬੀਆਂ ਨਾਲ ਮਾੜੀ ਭਾਸ਼ਾ ਦਾ ਵਰਤੀ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਕਿਸਾਨਾਂ ਨੇ ਝੋਨਾ ਪੁੱਟ ਕੇ ਬਾਹਰ ਸੁੱਟ ਦਿੱਤਾ।

ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ  ਦਾ ਜੱਦੀ ਪਿੰਡ ਧਨੌਲਾ ਹੈ ਜਿੱਥੇ ਉਸ ਦੀ ਜੱਦੀ ਜ਼ਮੀਨ ਹੈ। ਬਰਨਾਲਾ ਦੇ ਕਸਬਾ  ਧਨੌਲਾ   ਸਥਾਨਕ ਬਰਨਾਲਾ ਸੰਗਰੂਰ ਰੋਡ 'ਤੇ ਡੇਢ ਏਕੜ ਜ਼ਮੀਨ  ਪਿੰਡ ਦੇ ਕਿਸੇ  ਵਿਅਕਤੀ ਤੋਂ ਠੇਕੇ ਤੇ ਲੈ ਕੇ ਉਸ ਵਿੱਚ  ਝੋਨਾ ਲਗਾਇਆ ਗਿਆ ਪਰ ਅੱਜ ਬਰਨਾਲਾ  ਰੇਲਵੇ ਸਟੇਸ਼ਨ ਤੇ ਇਕੱਠੀ ਹੋਈ ਜਥੇਬੰਦੀਆਂ ਵੱਲੋਂ ਡੇਢ ਏਕੜ ਵਿਚ ਲਗਾਏ ਗਏ ਝੋਨੇ ਨੂੰ ਨਸ਼ਟ ਕਰ ਦਿੱਤਾ ਗਿਆ।

ਇਸ ਮਸਲੇ ਤੇ ਜਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਹਰਜੀਤ ਗਰੇਵਾਲ ਕਿਸਾਨਾਂ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ  ਤੇ ਕਿਸਾਨ ਅੰਦੋਲਨ ਵਿਚ ਬੈਠੇ ਕਿਸਾਨਾਂ ਨੂੰ ਕਿਸਾਨ ਨਹੀਂ ਮੰਨ ਰਿਹਾ।

ਜਿਸ ਦੇ ਖ਼ਿਲਾਫ਼  ਕਿਸਾਨ ਜਥੇਬੰਦੀਆਂ ਵਿੱਚ ਰੋਸ ਹੈ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਪਹਿਲਾਂ ਅਪੀਲ ਕਰ ਚੁੱਕੇ ਹਾਂ ਕਿ ਹਰਜੀਤ ਗਰੇਵਾਲ ਦੀ ਜ਼ਮੀਨ ਕੋਈ ਵੀ ਵਿਅਕਤੀ ਠੇਕੇ ਤੇ ਨਾ ਲਵੇ  ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਠੇਕੇ ਤੇ ਜ਼ਮੀਨ ਲੈ ਕੇ ਝੋਨਾ ਲਗਾਉਣ ਵਾਲੇ ਕਿਸਾਨ ਨੂੰ ਸਮਝਾਉਣ  ਗਏ ਸੀ ਪਰ ਉਨ੍ਹਾਂ ਕਿਸਾਨ ਔਰਤਾਂ ਪ੍ਰਤੀ ਅਪਸ਼ਬਦ ਬੋਲੇ ਜਿਸ ਦੇ ਰੋਸ ਵਜੋਂ ਅੱਜ ਜੱਥੇਬੰਦੀਆਂ ਦੀ ਅਗਵਾਈ 'ਚ ਕਿਸਾਨਾਂ ਨੇ ਝੋਨਾ ਨਸ਼ਟ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਗਰੇਵਾਲ ਦੀ ਜੱਦੀ ਜ਼ਮੀਨ ਦੋ ਜਗ੍ਹਾ ਤੇ ਹੈ ਇੱਕ ਜਗ੍ਹਾ ਪੰਜ ਏਕੜ ਅਤੇ ਦੂਸਰੀ ਜਗ੍ਹਾ ਡੇਢ ਏਕੜ। ਪੰਜ ਏਕੜ ਜਗ੍ਹਾ ਕਿਸੇ ਨੇ ਠੇਕੇ ਤੇ ਨਹੀਂ ਲਈ ਉਹ ਖਾਲੀ ਪਈ ਹੈ ਪਰ ਇਹ ਡੇਢ ਏਕੜ ਕਿਸੇ ਪਿੰਡ ਦੇ ਵਿਅਕਤੀ ਵੱਲੋਂ ਠੇਕੇ ਤੇ ਲਈ ਗਈ ਤੇ ਝੋਨਾ ਲਾਇਆ ਗਿਆ

ਪਰ ਅੱਜ ਜੱਥੇਬੰਦੀਆਂ ਨੇ ਇਸ ਨੂੰ  ਨਸ਼ਟ ਕਰਵਾ ਦਿੱਤਾ । ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕੇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਦੋਂ ਰੋਜ਼ਾਨਾ ਸਪੋਕਸਮੈਨ ਵੱਲੋਂ ਬੀਜੇਪੀ ਆਗੂ ਹਰਜੀਤ ਗਰੇਵਾਲ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਖੇਤ ਮੇਰੇ ਹਨ ਤੇ ਜਿਹਨਾਂ ਜਥੇਬੰਦੀਆਂ ਨੇ ਉਹਨਾਂ ਦੇ ਖੇਤ ਵਿਚੋਂ ਝੋਨਾ ਪੁੱਟਿਆ ਹੈ ਉਹਨਾਂ ਦੇ ਖਿਲਾਫ ਉਹ ਕਾਨੂੰਨੀ ਕਾਰਵਾਈ ਕਰਵਾਉਗੇ।