ਕੋਟਕਪੂਰਾ ਗੋਲੀਕਾਂਡ: ਐਸਆਈਟੀ ਕੋਲ ਭਾਈ ਪੰਥਪ੍ਰੀਤ ਸਮੇਤ 13 ਪੰਥਦਰਦੀਆਂ ਨੇ ਕਰਵਾਏ ਬਿਆਨ ਕਲਮਬੱਧ
ਕੋਟਕਪੂਰਾ ਗੋਲੀਕਾਂਡ: ਐਸਆਈਟੀ ਕੋਲ ਭਾਈ ਪੰਥਪ੍ਰੀਤ ਸਮੇਤ 13 ਪੰਥਦਰਦੀਆਂ ਨੇ ਕਰਵਾਏ ਬਿਆਨ ਕਲਮਬੱਧ
ਗੋਲੀਕਾਂਡ ਮਾਮਲੇ ਦੀ ਐੱਸਆਈਟੀ ਵਲੋਂ ਬਰੀਕੀ ਨਾਲ
ਕੋਟਕਪੂਰਾ, 2 ਜੁਲਾਈ (ਗੁਰਿੰਦਰ ਸਿੰਘ): ਭਾਵੇਂ ਬੇਅਦਬੀ ਕਾਂਡ ਅਤੇ ਉਸ ਦੇ ਨਾਲ ਜੁੜੇ ਮਾਮਲਿਆਂ ਸਬੰਧੀ ਬਾਦਲ ਦਲ ਜੋ ਮਰਜੀ ਦਾਅਵੇ ਕਰੇ ਪਰ ਕੋਟਕਪੂਰਾ ਗੋਲੀਕਾਂਡ ਦੀ ਤਫ਼ਤੀਸ਼ ਕਰ ਰਹੀ ਐਸਆਈਟੀ ਮੂਹਰੇ ਚਸ਼ਮਦੀਦਾਂ ਦੇ ਦਰਜ ਹੋ ਰਹੇ ਬਿਆਨਾ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਹਾਕਮਾਂ ਦੀ ਇਜ਼ਾਜਤ ਜਾਂ ਹਦਾਇਤ ਤੋਂ ਬਿਨਾ ਪੁਲਿਸੀਆ ਅੱਤਿਆਚਾਰ ਨਹੀਂ ਢਾਹਿਆ ਜਾ ਸਕਦਾ। ਏਡੀਜੀਪੀ ਐਲ. ਕੇ. ਯਾਦਵ ਦੀ ਅਗਵਾਈ ਵਾਲੀ ਟੀਮ ਮੂਹਰੇ ਬਿਆਨ ਦਰਜ ਕਰਾਉਂਦਿਆਂ ਉੱਘੇ ਪੰਥ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਹੈਰਾਨੀ ਪ੍ਰਗਟਾਈ ਕਿ ਤੜਕਸਾਰ ਅੰਮ੍ਰਿਤ ਵੇਲੇ ਨਿੱਤਨੇਮ ਕਰ ਰਹੀਆਂ ਸੰਗਤਾਂ ਉੱਪਰ ਨਿੱਤਨੇਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਪੁਲਿਸ ਵਲੋਂ ਲਾਠੀਚਾਰਜ, ਪਾਣੀਆਂ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਉਣ ਦੀ ਵਾਪਰੀ ਘਟਨਾ, ਉਪਰੋਂ ਮਿਲੀਆਂ ਹਦਾਇਤਾਂ ਤੋਂ ਬਿਨਾ ਅਸੰਭਵ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਗਠਿਤ ਨਵੀਂ ਐੱਸਆਈਟੀ ਨੇ ਭਾਈ ਪੰਥਪ੍ਰੀਤ ਸਿੰਘ ਸਮੇਤ 23 ਵਿਅਕਤੀਆਂ ਨੂੰ ਫ਼ਰੀਦਕੋਟ ਕੈਂਪਸ ਦਫ਼ਤਰ ਵਿਖੇ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕੀਤੇ ਗਏ ਸਨ। ਜਿਸ ’ਚੋਂ ਦਰਜਨ ਤੋਂ ਵੱਧ ਪੰਥਦਰਦੀਆਂ ਨੇ ‘ਸਿੱਟ’ ਦੇ ਅਧਿਕਾਰੀਆਂ ਕੋਲ ਅਪਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇਨਸਾਫ਼ ਦੀ ਉਮੀਦ ਉਨ੍ਹਾਂ ਨੂੰ ਅਜੇ ਵੀ ਪੂਰੀ ਹੈ, ਜਿਸ ਦੇ ਚੱਲਦਿਆਂ ਉਹ ਟੀਮ ਨੂੰ ਆਪਣਾ ਸਹਿਯੋਗ ਦਿੰਦੇ ਆਏ ਹਨ। ਰੁਪਿੰਦਰ ਸਿੰਘ ਪੰਜਗਰਾਈਂ ਅਤੇ ਹੋਰਨਾਂ ਨੇ ਕਿਹਾ ਕਿ ਉਹ ਅਪਣੇ ਵਲੋਂ ਹਰ ਜਾਂਚ ਕਮੇਟੀ ਨੂੰ ਸਹਿਯੋਗ ਦੇ ਰਹੇ ਹਨ ਪਰ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਬਾਹਲੀ ਉਮੀਦ ਨਹੀਂ ਕਿਉਂਕਿ ਇਸ ਮਾਮਲੇ ’ਚ ਸਿਆਸਤ ਭਾਰੂ ਹੈ। ਸਿੱਖ ਨੌਜਵਾਨ ਗਗਨਪ੍ਰੀਤ ਸਿੰਘ ਨੇ ਦਸਿਆ ਕਿ ਜਦੋਂ ਸੰਗਤਾਂ ਅਪਣਾ ਬਚਾਅ ਕਰਨ ਲਈ ਭੱਜ ਰਹੀਆਂ ਸਨ ਤਾਂ ਪੁਲਿਸ ਵਲੋਂ ਸੰਗਤਾਂ ਨੂੰ ਘੇਰ-ਘੇਰ ਕੇ ਕੁਟਿਆ ਗਿਆ। ਜਿਸ ਦੌਰਾਨ 100 ਤੋਂ ਜਿਆਦਾ ਸੰਗਤ ਗੰਭੀਰ ਰੂਪ ਜ਼ਖ਼ਮੀ ਹੋ ਗਈ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਪੁਲਿਸ ਵਲੋਂ ਸਿੱਖ ਸੰਗਤਾਂ ’ਤੇ ਹੀ ਮਾਮਲਾ ਦਰਜ ਕਰ ਦਿਤਾ ਗਿਆ। ਉਸ ਨੇ ਅਪਣੇ ਉੱਪਰ ਹੋਏ ਪੁਲਿਸੀਆ ਤਸ਼ੱਦਦ ਦੀਆਂ ਤਸਵੀਰਾਂ ਵੀ ‘ਸਿੱਟ’ ਨੂੰ ਸੌਂਪਦਿਆਂ ਦਸਿਆ ਕਿ ਉਸ ਸਮੇਂ ਪੁਲਿਸ ਨੇ ਇਲਾਜ ਕਰਵਾਉਣ ਦੀ ਵੀ ਇਜਾਜਤ ਨਾ ਦਿਤੀ, ਜਿਸ ਕਰ ਕੇ ਉਸ ਨੂੰ ਅਪਣੇ ਨਾਨਕੀ ਸ਼ਹਿਰ ਬਰਨਾਲਾ ਵਿਖੇ ਇਲਾਜ ਕਰਵਾਉਣਾ ਪਿਆ। ਇਸ ਮੌਕੇ ਸਿਪਾਹੀ ਕੁਲਵਿੰਦਰ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਤਤਕਾਲੀਨ ਐਸਐਚਓ ਅਮਰਜੀਤ ਸਿੰਘ ਕੁਲਾਰ ਨੇ ਵੀ ‘ਸਿੱਟ’ ਕੋਲ ਆਪਣੀ ਗਵਾਹੀ ਦਰਜ ਕਰਵਾਈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-2-6ਐੱਫ਼
ਕੈਪਸ਼ਨ : ਐੱਸਆਈਟੀ ਕੈਂਪਸ ਫਰੀਦਕੋਟ ਵਿਖੇ ਪੁੱਜੇ ਭਾਈ ਪੰਥਪ੍ਰੀਤ ਸਿੰਘ ਅਤੇ ਪੁਲਿਸੀਆ ਅੱਤਿਆਚਾਰ ਦੇ ਸ਼ਿਕਾਰ ਸਿੱਖ ਨੌਜਵਾਨ ਗਗਨਪ੍ਰੀਤ ਸਿੰਘ ਦੀ ਤਸਵੀਰ।