ਮਿਊਂਸਪਲ ਕਰਮਚਾਰੀਆਂ ਨੇ ਹੜਤਾਲ ਵਾਪਸ ਲਈ

ਏਜੰਸੀ

ਖ਼ਬਰਾਂ, ਪੰਜਾਬ

ਮਿਊਂਸਪਲ ਕਰਮਚਾਰੀਆਂ ਨੇ ਹੜਤਾਲ ਵਾਪਸ ਲਈ

image

ਬ੍ਰਹਮ ਮਹਿੰਦਰਾ ਦੀ ਮੌਜੂਦਗੀ ਵਿਚ ਕੀਤਾ ਗਿਆ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ

ਚੰਡੀਗੜ੍ਹ, 1 ਜੁਲਾਈ (ਭੁੱਲਰ): ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦੇ ਦਖ਼ਲ ਤੋਂ ਬਾਅਦ ਨਗਰ ਨਿਗਮ ਦੇ ਕਰਮਚਾਰੀਆਂ ਨੇ ਅੱਜ ਹੜਤਾਲ ਖ਼ਤਮ ਕਰ ਦਿਤੀ। ਮਿਊਂਸਪਲ ਕਰਮਚਾਰੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਅਤੇ 16 ਮੰਗਾਂ ਉੱਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਇਥੇ ਸੈਕਟਰ-35 ਵਿਚ ਹੋਈ ਮੀਟਿੰਗ ਵਿਚ ਗਹੁ ਨਾਲ ਵਿਚਾਰ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਹਿੰਦਰਾ ਨੇ ਕਿਹਾ ਕਿ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਨੌਕਰੀਆਂ ਨੂੰ ਨਿਯਮਤ ਕਰਨ ਦਾ ਫ਼ੈਸਲਾ ਕੈਬਨਿਟ ਮੀਟਿੰਗ ਵਿਚ ਪਹਿਲਾਂ ਹੀ ਲਿਆ ਜਾ ਚੁੱਕਾ ਹੈ। ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਨੂੰ ਇਸ ਸਬੰਧ ਵਿਚ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਹ ਪ੍ਰਕਿਰਿਆ ਵੱਧ ਤੋਂ ਵੱਧ ਇਕ ਮਹੀਨੇ ਵਿਚ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੋਂ ਤਕ ਹੋਰ ਮਿਊਂਸਪਲ ਕਰਮਚਾਰੀਆਂ ਦਾ ਸਬੰਧ ਹੈ, ਸਥਾਨਕ ਸਰਕਾਰਾਂ ਵਿਭਾਗ ਵਲੋਂ ਇਸ ਮਾਮਲੇ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾ ਰਿਹਾ ਹੈ ਅਤੇ ਅਗਲੇ ਦੋ ਮਹੀਨਿਆਂ ਵਿਚ ਇਸ ਦਾ ਵੀ ਹੱਲ ਕੱਢ ਲਿਆ ਜਾਵੇਗਾ। ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਮੁੱਦੇ ’ਤੇ ਬੋਲਦਿਆਂ ਮਹਿੰਦਰਾ ਨੇ ਕਿਹਾ ਕਿ ਇਸ ਸੰਬੰਧੀ ਸਾਰੇ ਯੂ.ਐੱਲ.ਬੀਜ਼. ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ ਅਤੇ ਸਫ਼ਾਈ ਸੇਵਕਾਂ ਨੂੰ 500 ਰੁਪਏ ਦਾ ਵਿਸ਼ੇਸ਼ ਭੱਤਾ/ਤੇਲ ਭੱਤਾ ਮਨਜ਼ੂਰ ਕੀਤਾ ਗਿਆ ਹੈ। ਯੂਨੀਅਨ ਵਲੋਂ ਮੀਟਿੰਗ ਵਿਚ ਡਿਵੈਲਪਮੈਂਟ ਟੈਕਸ (200 ਰੁਪਏ) ਤੋਂ ਛੋਟ ਦੇਣ ਦੀ ਮੰਗ ਚੁੱਕੀ ਗਈ ਜਿਸ ਉੱਤੇ ਮਹਿੰਦਰਾ ਨੇ ਕਿਹਾ ਕਿ ਵਿਭਾਗ ਇਸ ਮੰਗ ਨਾਲ ਸਹਿਮਤ ਹੈ। ਵਿੱਤ ਵਿਭਾਗ ਤੋਂ ਮਨਜ਼ੂਰੀ ਮਿਲਣ ਬਾਅਦ ਇਸ ਸਬੰਧੀ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਜਾਵੇਗਾ।