ਫ਼ੌਜ ਨੇ ਪੁਲਵਾਮਾ ’ਚ ਲਸ਼ਕਰ ਦੇ ਜ਼ਿਲ੍ਹਾ ਕਮਾਂਡਰ ਸਮੇਤ 5 ਅਤਿਵਾਦੀ ਮਾਰੇ

ਏਜੰਸੀ

ਖ਼ਬਰਾਂ, ਪੰਜਾਬ

ਫ਼ੌਜ ਨੇ ਪੁਲਵਾਮਾ ’ਚ ਲਸ਼ਕਰ ਦੇ ਜ਼ਿਲ੍ਹਾ ਕਮਾਂਡਰ ਸਮੇਤ 5 ਅਤਿਵਾਦੀ ਮਾਰੇ

image

ਜੰਮੂ-ਸ਼੍ਰੀਨਗਰ, 2 ਜੁਲਾਈ (ਸਰਬਜੀਤ ਸਿੰਘ) : ਕਸ਼ਮੀਰ ਦੇ ਪੁਲਵਾਮਾ ਜ਼ਿਲੇ ’ਚ ਸ਼ੁਕਰਵਾਰ ਨੂੰ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਮੁਠਭੇੜ ਦੌਰਾਨ ਲਸ਼ਕਰ-ਏ-ਤਾਇਬਾ ਦੇ 5 ਅਤਿਵਾਦੀ ਮਾਰੇ ਗਏ। ਇਸ ਦੌਰਾਨ ਇਕ ਫ਼ੌਜੀ ਜਵਾਨ ਵੀ ਸ਼ਹੀਦ ਹੋ ਗਿਆ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਰਾਜਪੋਰਾ ਖੇਤਰ ਦੇ ਹੰਜੀਨ ਪਿੰਡ ਵਿਖੇ ਅਤਿਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਤਿਵਾਦੀਆਂ ਦੀ ਭਾਲ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਕਿਸ ਘਰ ਵਿਚ ਅਤਿਵਾਦੀ ਲੁਕੇ ਹੋਏ ਹਨ। ਉਨ੍ਹਾਂ ਦਸਿਆ ਇਹ ਤਲਾਸ਼ੀ ਅਭਿਆਨ ਕੱਲ ਦੇਰ ਰਾਤ ਸ਼ੁਰੂ ਕੀਤਾ ਗਿਆ। ਜਿਵਂੇ ਹੀ ਪੁਲਿਸ, ਸੀਆਰਪੀਐਫ ਅਤੇ ਫ਼ੌਜੀ 44 ਰਾਸ਼ਟਰੀ ਰਾਈਫ਼ਲਜ਼ ਦੇ ਜਵਾਨਾਂ ਨੇ ਘਰ ਦੀ ਘੇਰਾਬੰਦੀ ਕੀਤੀ ਤਾਂ ਘਰ ਵਿਚ ਲੁਕੇ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿਤੀ। ਸੁਰੱਖਿਆ ਬਲਾਂ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। 
  ਅਤਿਵਾਦੀਆਂ ਨਾਲ ਹੋਈ ਗੋਲੀਬਾਰੀ ਵਿਚ ਇਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਉਸ ਨੇ ਦਮ ਤੋੜ ਦਿਤਾ। ਜਿਸ ਦੀ ਪਛਾਣ ਹਵਲਦਾਰ ਕਾਸ਼ੀ ਰਾਓ ਦੇ ਰੂਪ ਵਿਚ ਹੋਈ ਹੈ। ਸੁਰੱਖਿਆ ਬਲਾਂ ਵਲੋਂ ਦੇਰ ਰਾਤ ਮੁਠਭੇੜ ਬੰਦ ਕਰ ਦਿਤੀ ਗਈ ਅਤੇ ਇਲਾਕੇ ਨੂੰ ਅਪਣੇ ਘੇਰੇ ਵਿਚ ਲਈ ਰਖਿਆ। ਅੱਜ ਤੜਕੇ ਦੁਬਾਰਾ ਸ਼ੁਰੂ ਹੋਏ ਇਸ ਮੁਕਾਬਲੇ ਵਿਚ 5 ਅਤਿਵਾਦੀ ਮਾਰ ਮੁਕਾਏ ਗਏ। ਮਾਰੇ ਗਏ ਅਤਿਵਾਦੀਆਂ ਵਿਚ ਲਸ਼ਕਰ-ਏ-ਤਾਇਬਾ ਦਾ  ਜ਼ਿਲ੍ਹਾ ਕਮਾਂਡਰ ਨਿਸਾਜ਼ ਲੋਨ ਅਤੇ ਇਕ ਪਾਕਿਸਤਾਨੀ ਅਤਿਵਾਦੀ ਦਸਿਆ ਜਾਂਦਾ ਹੈ ਜਦ ਕਿ ਮਾਰੇ ਗਏ ਅਤਿਵਾਦੀਆਂ ਵਿਚ ਇਕ ਅਤਿਵਾਦੀਆਂ ਦਾ ਮਦਦਗਾਰ ਵੀ ਸ਼ਾਮਲ ਹੈ। ਮੁਕਾਬਲੇ ਵਿਚ ਫ਼ੌਜ ਦੇ 2 ਜਵਾਨ ਵੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਫ਼ੌਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।