ਲਾਰੈਂਸ ਬਿਸ਼ਨੋਈ ਸਮੇਤ ਖ਼ਤਰਨਾਕ ਗੈਂਗਸਟਰਾਂ ਨੂੰ ਕਾਲੇ ਪਾਣੀ ਜੇਲ੍ਹ ਭੇਜਣ ਦੀ ਤਿਆਰੀ, NIA ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਪੱਤਰ
ਸੂਤਰਾਂ ਅਨੁਸਾਰ ਐਨਆਈਏ ਗੈਂਗਸਟਰਾਂ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚ ਤਬਦੀਲ ਕਰਨ ਦੇ ਵਿਕਲਪ 'ਤੇ ਵੀ ਵਿਚਾਰ ਕਰ ਰਹੀ ਹੈ
ਚੰਡੀਗੜ੍ਹ - ਉੱਤਰੀ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ 10 ਤੋਂ 12 ਗੈਂਗਸਟਰਾਂ ਨੂੰ ਅੰਡੇਮਾਨ ਨਿਕੋਬਾਰ ਜੇਲ੍ਹ ਵਿਚ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਦਿੱਲੀ ਸਮੇਤ ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ ਵਿਚ ਬੰਦ ਅਪਰਾਧੀਆਂ ਨੂੰ ਅੰਡੇਮਾਨ ਦੀਆਂ ਜੇਲ੍ਹਾਂ ਵਿਚ ਭੇਜਣ ਦੀ ਸਿਫ਼ਾਰਸ਼ ਕੀਤੀ ਹੈ।
ਸੂਤਰਾਂ ਅਨੁਸਾਰ ਐਨਆਈਏ ਗੈਂਗਸਟਰਾਂ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚ ਤਬਦੀਲ ਕਰਨ ਦੇ ਵਿਕਲਪ 'ਤੇ ਵੀ ਵਿਚਾਰ ਕਰ ਰਹੀ ਹੈ, ਜਿੱਥੇ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਇਸ ਵੇਲੇ ਬੰਦ ਹਨ। ਪਿਛਲੇ ਕੁਝ ਮਹੀਨਿਆਂ 'ਚ ਗੈਂਗਵਾਰ ਅਤੇ ਜੇਲ੍ਹ ਦੇ ਅੰਦਰ ਗੈਂਗਸਟਰਾਂ 'ਤੇ ਹੋਏ ਹਮਲੇ ਤੋਂ ਬਾਅਦ NIA ਇਸ ਕਦਮ 'ਤੇ ਵਿਚਾਰ ਕਰ ਰਹੀ ਹੈ।
ਇਸੇ ਲਈ ਏਜੰਸੀ ਨੇ ਬਦਨਾਮ ਗੈਂਗਸਟਰਾਂ ਨੂੰ ਸ਼ਿਫਟ ਕਰਨ ਲਈ ਕੇਂਦਰ ਨੂੰ ਪੱਤਰ ਲਿਖਿਆ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸ਼ੁਰੂਆਤੀ ਪ੍ਰਸਤਾਵ ਗੈਂਗਸਟਰਾਂ ਨੂੰ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਨ ਦਾ ਸੀ, ਪਰ ਇਹ ਇੱਕ ਲੰਬੀ ਪ੍ਰਕਿਰਿਆ ਹੋਵੇਗੀ ਕਿਉਂਕਿ ਰਾਜ ਸਰਕਾਰਾਂ ਤੋਂ ਇਜਾਜ਼ਤ ਲੈਣੀ ਪਵੇਗੀ।
ਸੂਤਰਾਂ ਅਨੁਸਾਰ “ਕਿਉਂਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਅਤੇ ਇਸ ਦਾ ਪ੍ਰਸ਼ਾਸਨ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ, ਇਸ ਲਈ ਪ੍ਰਕਿਰਿਆ ਘੱਟ ਸਮਾਂ ਲਵੇਗੀ। ਏਜੰਸੀ ਫਿਲਹਾਲ ਕਾਨੂੰਨੀ ਰਾਏ ਵੀ ਲੈ ਰਹੀ ਹੈ। ਐਨਆਈਏ ਅਤੇ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਸੰਵੇਦਨਸ਼ੀਲ ਕੈਦੀਆਂ ਦੇ ਤਬਾਦਲੇ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਹੈ।
ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ ਵਿਚ ਐਨਆਈਏ ਨੇ ਉੱਤਰੀ ਭਾਰਤ ਦੀਆਂ ਜੇਲ੍ਹਾਂ ਵਿਚੋਂ ਘੱਟੋ-ਘੱਟ 25 ਗੈਂਗਸਟਰਾਂ ਨੂੰ ਦੱਖਣੀ ਸੂਬਿਆਂ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਇਸ ਸੂਚੀ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ੀ ਲਾਰੈਂਸ ਬਿਸ਼ਨੋਈ ਵੀ ਸ਼ਾਮਲ ਹੈ। ਲਾਰੈਂਸ ਬਿਸ਼ਨੋਈ ਤੋਂ ਇਲਾਵਾ ਜਿਨ੍ਹਾਂ ਮੁੱਖ ਗੈਂਗਸਟਰਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਉਨ੍ਹਾਂ 'ਚ ਹਕੀਮ ਬਾਬਾ ਚੇਨੂੰ, ਕੌਸ਼ਲ ਚੌਧਰੀ, ਅਮਰੀਕ ਸ਼ਾਮਲ ਹਨ ਜੋ ਦਿੱਲੀ, ਪੰਜਾਬ ਅਤੇ ਹਰਿਆਣਾ ਦੀਆਂ ਜੇਲਾਂ 'ਚ ਬੰਦ ਹਨ।
ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਰੀਬ 150 ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਦੂਰ-ਦੁਰਾਡੇ ਦੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾਵੇਗਾ। 2018 ਅਤੇ 2019 ਵਿਚ ਵੀ ਜੰਮੂ ਦੀ ਕਠੂਆ ਜੇਲ੍ਹ ਅਤੇ ਸ੍ਰੀਨਗਰ ਜੇਲ੍ਹ ਦੇ ਕੈਦੀਆਂ ਨੂੰ ਦਿੱਲੀ ਅਤੇ ਪੰਜਾਬ ਦੀਆਂ ਜੇਲ੍ਹਾਂ ਵਿਚ ਲਿਆਂਦਾ ਗਿਆ ਸੀ, ਇਸ ਪ੍ਰਕਿਰਿਆ ਦੀ NIA ਅਤੇ ਮੰਤਰਾਲੇ ਦੇ ਅਧਿਕਾਰੀਆਂ ਦੁਆਰਾ ਸਮੀਖਿਆ ਵੀ ਕੀਤੀ ਜਾ ਰਹੀ ਹੈ।