ਸ਼ਹੀਦ ਊਧਮ ਸਿੰਘ ਦੀ ਜੀਵਨੀ ਸਬੰਧੀ ਪੁਸਤਕ ਪਾਕਿ 'ਚ ਵੀ ਛਪੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਬੀਤੇ ਦਿਨ ਲਾਹੌਰ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

shahid udham singh

ਚੰਡੀਗੜ੍ਹ  (ਸਪੋਕਸਮੈਨ ਸਮਾਚਾਰ ਸੇਵਾ): ਜਦੋਂ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬਣੇ ਹਨ, ਉਦੋਂ ਤੋਂ ਲਹਿੰਦੇ ਪਾਸਿਉਂ ਚੰਗੀਆਂ ਤੇ ਦੋਸਤੀ ਵਾਲੀਆਂ ਖ਼ਬਰਾਂ ਲਗਾਤਾਰ ਮਿਲਦੀਆਂ ਆ ਰਹੀਆਂ ਹਨ। ਇਹ ਸਿਲਸਿਲਾ ਕਰਤਾਰਪੁਰ ਸਾਹਿਬ ਲਾਂਘੇ ਦੇ ਖੋਲ੍ਹਣ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਸ਼ਹੀਦਾਂ ਦੇ ਸਤਿਕਾਰ ਤਕ ਪਹੁੰਚ ਗਿਆ ਹੈ। ਬੀਤੇ ਦਿਨ ਲਾਹੌਰ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ ਅੱਜ ਇਕ ਹੋਰ ਖ਼ਬਰ ਮਿਲੀ ਹੈ। ਭਾਰਤੀ ਲੇਖਕ ਰਾਕੇਸ਼ ਕੁਮਾਰ ਵਲੋਂ ਸ਼ਹੀਦ ਊਧਮ ਸਿੰਘ ਦੀ ਜੀਵਨੀ ਉੱਤੇ ਲਿਖੀ ਪੁਸਤਕ ਹੁਣ ਪਾਕਿਸਤਾਨ 'ਚ ਸ਼ਾਹਮੁਖੀ ਭਾਸ਼ਾ ਵਿਚ ਵੀ ਛਪਣ ਜਾ ਰਹੀ ਹੈ। 

ਇਹ ਜਾਣਕਾਰੀ ਕਲ ਪਾਕਿਸਤਾਨੀ ਲੇਖਕ ਐਮ. ਆਸਿਫ਼ ਨੇ ਇਸ ਪੁਸਤਕ ਦਾ ਮੁੱਖ-ਪੰਨਾ ਫ਼ੇਸਬੁੱਕ ਉਤੇ ਪਾ ਕੇ ਦਿਤੀ। ਪੁਸਤਕ ਦੇ ਮੁੱਖ ਪੰਨੇ ਉੱਤੇ ਸ਼ਹੀਦ ਊਧਮ ਸਿੰਘ ਦੀ ਤਸਵੀਰ ਤੇ ਪਿਛਲੇ ਪੰਨੇ ਉਤੇ ਲੇਖਕ ਰਾਕੇਸ਼ ਕੁਮਾਰ ਦੀ ਤਸਵੀਰ ਲਾਈ ਗਈ ਹੈ। ਜਾਣਕਾਰੀ ਇਹ ਮਿਲੀ ਹੈ ਕਿ ਇਕ ਹਫ਼ਤੇ ਵਿਚ ਇਸ ਪੁਸਤਕ ਦੀ ਪੀਡੀਐਫ਼ ਤਿਆਰ ਹੋ ਜਾਵੇਗੀ। ਕਿਸੇ ਸ਼ਹੀਦ ਦੀ ਜੀਵਨੀ ਉੱਤੇ ਪਾਕਿਸਤਾਨ 'ਚ ਛਪਣ ਵਾਲੀ ਇਹ ਪਹਿਲੀ ਪੁਸਤਕ ਹੋਵੇਗੀ। ਲੇਖਕ ਰਾਕੇਸ਼ ਕੁਮਾਰ ਨੇ ਵੀ ਦਸਿਆ ਕਿ ਉਨ੍ਹਾਂ ਨੂੰ ਵੀ ਇਹ ਜਾਣਕਾਰੀ ਅੱਜ ਪੁਸਤਕ ਦਾ ਟਾਈਟਲ ਵੇਖ ਕੇ ਹੀ ਮਿਲੀ ਹੈ।

ਉਨ੍ਹਾਂ ਦਸਿਆ ਕਿ ਇਸ ਸਬੰਧੀ ਬਹੁਤ ਪਹਿਲਾਂ ਸ੍ਰੀ ਆਸਿਫ਼ ਨਾਲ ਗੱਲਬਾਤ ਹੋਈ ਸੀ। ਹੁਣ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉਸ ਪੁਸਤਕ ਦਾ ਟਾਈਟਲ ਪਾਕਿਸਤਾਨ ਵਿਚ ਜਾਰੀ ਕੀਤਾ ਗਿਆ ਹੈ। ਸ੍ਰੀ ਰਾਕੇਸ਼ ਕੁਮਾਰ ਨੇ ਦਸਿਆ ਕਿ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਚਾਰ ਫ਼ਾਈਲਾਂ ਕੁੱਝ ਸਮਾਂ ਪਹਿਲਾਂ ਹੀ ਨੈਸ਼ਨਲ ਆਰਕਾਈਵ ਲੰਦਨ ਤੋਂ ਮੰਗਵਾਈ ਗਈ ਸੀ। ਉਸ ਵਿਚੋਂ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਕਈ ਜਾਣਕਾਰੀ ਮਿਲੀਆਂ ਸਨ। ਉਨ੍ਹਾਂ ਦਸਿਆ ਕਿ ਸ਼ਹੀਦ ਬਾਰੇ ਕਈ ਫ਼ਾਈਲਾਂ ਹਾਲੇ ਵੀ ਇੰਗਲੈਂਡ ਸਰਕਾਰ ਕੋਲ ਹਨ।

ਉਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸ਼ਹੀਦ ਦੀ ਜੀਵਨੀ ਸਬੰਧੀ ਹੋਰ ਜਾਣਕਾਰੀ ਇਸ ਵਿਚ ਲਿਖੀ ਜਾਵੇ, ਜਿਸ ਨਾਲ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਬਾਰੇ ਹੋਰ ਡੂੰਘੀ ਜਾਣਕਾਰੀ ਮਿਲ ਸਕੇ। ਉਧਰ ਪਾਕਿ ਲੇਖਣ ਐਮ.ਆਸਿਫ਼ ਨੇ ਦਸਿਆ ਕਿ ਇਹ ਕਿਤਾਬ ਪੀ.ਡੀ.ਐਫ਼. ਫ਼ਾਰਮੇਟ 'ਚ ਤਿਆਰ ਹੋ ਜਾਵੇਗੀ, ਜੋ ਸ਼ਾਹਮੁਖੀ ਭਾਸ਼ਾ 'ਚ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦ ਭਾਰਤ ਤੇ ਪਾਕਿਸਤਾਨ ਲਈ ਸਾਂਝੇ ਹਨ ਕਿਉਂਕਿ ਉਨ੍ਹਾਂ ਸਾਂਝੇ ਦੇਸ਼ ਲਈ ਕੁਰਬਾਨੀ ਦਿਤੀ ਸੀ ਇਸ ਲਈ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਸ਼ਹੀਦ ਊਧਮ ਸਿੰਘ ਬਾਰੇ ਪੁਸਤਕ ਲਿਖ ਰਹੇ ਹਨ।