ਦਿੱਲੀ ਕਾਂਗਰਸ ਦੀ ਕਮਾਨ ਸਾਂਭਣ ਦੇ ਇੱਛੁਕ ਨਹੀਂ ਸਿੱਧੂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਨਾ ਅੰਮ੍ਰਿਤਸਰ ਛੱਡਣਗੇ ਤੇ ਨਾ ਹੀ ਪੰਜਾਬ ਦੀ ਰਾਜਨੀਤੀ

Navjot Sidhu

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ) : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਂ ਤਾਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਨਾ ਹੀ ਕੋਈ ਹੋਰ ਕੌਮੀ ਅਹੁਦਾ ਲੈਣ ਦੇ ਇਛੁੱਕ ਹਨ। ਸਿੱਧੂ ਦੇ ਨਜ਼ਦੀਕੀ ਸਿਆਸੀ ਹਲਕਿਆਂ ਨੇ ਸੰਕੇਤ ਦਿਤਾ ਹੈ ਕਿ ਸਿੱਧੂ ਦੇ ਕਾਂਗਰਸ ਵਿਚਲੇ  ਸਿਆਸੀ  ਵਿਰੋਧੀ ਰੋਜ਼ਾਨਾ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਉਡਾ ਰਹੇ ਹਨ ਕਿ ਉਹ ਮਰਹੂਮ ਸ਼ੀਲਾ ਦਿਕਸ਼ਤ ਸਾਬਕਾ ਮੁੱਖ ਮੰਤਰੀ ਦੀ ਥਾਂ ਦਿੱਲੀ ਵਿਚ ਪ੍ਰਧਾਨ ਬਣਨ ਜਾ ਰਹੇ ਹਨ। ਮਿਲੇ ਵੇਰਵਿਆਂ ਮੁਤਾਬਕ ਨਵਜੋਤ ਸਿੰਘ ਸਿੱਧੂ ਫ਼ਿਲਹਾਲ ਰੋਜ਼ਾਨਾ ਲੋਕਾਂ  ਅਤੇ ਅਪਣੇ ਹਮਾਇਤੀਆਂ ਨੂੰ ਅੰਮ੍ਰਿਤਸਰ ਵਾਲੀ ਅਪਣੀ ਰਿਹਾਇਸ਼ 'ਤੇ ਮਿਲ ਰਹੇ ਹਨ ਅਤੇ ਢੁਕਵੇ ਸਮੇਂ ਦੀ ਉਡੀਕ  ਕਰ ਰਹੇ ਹਨ।

ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਅਪਣੇ ਨਜ਼ਦੀਕੀ ਸਿਆਸੀ ਵਿਰੋਧੀਆਂ ਨਾਲ ਦੋ ਹੱਥ ਕਰਨ ਲਈ ਪੰਜਾਬ ਦੀ ਸਿਆਸਤ ਨਹੀਂ ਛਡਣਗੇ ਅਤੇ ਨਾ ਹੀ ਅੰਮ੍ਰਿਤਸਰ ਨੂੰ ਅਲਵਿਦਾ ਕਹਿਣਗੇ। ਅਪਣੀ ਕਹਿÎਣੀ ਅਤੇ ਕਥਨੀ ਦੇ ਪ੍ਰਪੱਕ ਸਿੱਧੂ ਨੇ ਭਾਜਪਾ 'ਚ ਹੁੰਦਿਆਂ ਅੰਮ੍ਰਿਤਸਰ ਤੋਂ ਹੀ ਚੋਣ ਲੜਨ ਨੂੰ ਤਰਜੀਹ ਦਿਤੀ ਸੀ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਹਾਈ-ਕਮਾਂਡ ਨੇ ਸਾਬਕਾ ਕੇਦਰੀ ਮੰਤਰੀ ਅਰੁਣ ਜੇਤਲੀ ਨੂੰ ਸਿੱਧੂ ਦੀ ਥਾਂ ਲੋਕ ਸਭਾ ਦੀ ਟਿਕਟ ਦੇ ਦਿਤੀ ਸੀ।

ਉਸ ਸਮੇਂ ਸਿੱਧੂ ਨੂੰ ਕੁਰੂਕਸ਼ੇਤਰ ਤੋਂ ਲੋਕ ਸਭਾ ਦੀ ਚੋਣ ਲਈ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਸਿੱਧੂ ਅੰਮ੍ਰਿਤਸਰ ਤੋਂ ਹੀ ਚੋਣ ਲੜਨ ਦੇ ਇਛੁੱਕ ਸਨ। 
ਪਿਛਲੇ ਦਿਨੀਂ ਸਿੱਧੂ ਨੂੰ ਡਾ. ਰਾਜ ਕੁਮਾਰ ਵੇਰਕਾ ਮਿਲੇ ਸਨ ਤੇ ਬੰਦ ਕਮਰਾ ਗੱਲਬਾਤ ਕੀਤੀ ਸੀ। ਇਹ ਵੀ ਚਰਚਾ ਹੈ ਕਿ ਸਿੱਧੂ ਸੁਨੀਲ ਜਾਖੜ ਦੀ ਥਾਂ ਪ੍ਰਧਾਨ ਬਣ ਸਕਦੇ ਹਨ ਪਰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।