ਕੋਵਿਡ ਕੇਸਾਂ 'ਚ ਵਾਧੇ ਕਾਰਨ ਮੁੱਖ ਮੰਤਰੀ ਨੇ ਲੋਕਾਂ ਦੇ ਰਵਈਏ 'ਤੇ ਚਿੰਤਾ ਜ਼ਾਹਰ ਕਰਦਿਆਂ ਪੁਛਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਸਕ ਪਾਉਣਾ ਤੇ ਹੱਥ ਧੋਣਾ ਏਨਾ ਔਖਾ ਕਿਉਂ ਲਗਦੈ?

Capt Amrinder Singh

ਚੰਡੀਗੜ੍ਹ, 1 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ ਸੁਰੱਖਿਆ ਨੇਮਾਂ ਦੀ ਉਲੰਘਣਾ ਕਰ ਕੇ ਪੰਜਾਬੀਆਂ ਦੇ ਜੀਵਨ ਨੂੰ ਜੋਖ਼ਮ ਵਿਚ ਪਾਉਣ ਵਾਲੇ ਲੋਕਾਂ ਦੇ ਗ਼ੈਰ-ਜ਼ਿੰਮੇਵਾਰੀ ਵਾਲੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ਖ਼ਤਰਨਾਕ ਨਤੀਜਿਆਂ ਤੋਂ ਸਾਵਧਾਨ ਕੀਤਾ ਹੈ ਕਿਉਂ ਕਿ ਸੂਬੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਕੇਸਾਂ ਲਗਾਤਾਰ ਵਾਧਾ ਹੋ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਪੁਛਿਆ ਹੈ ਕਿ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸੜਕਾਂ 'ਤੇ ਨਾ ਥੁੱਕਣਾ ਏਨਾ ਔਖਾ ਕਿਉਂ ਹੈ? ਮੁੱਖ ਮੰਤਰੀ ਵਲੋਂ ਉਨ੍ਹਾਂ ਲੋਕਾਂ ਨੂੰ ਪੁਛਿਆ ਜੋ ਸੁਰੱਖਿਆ ਉਪਾਵਾਂ ਨੂੰ ਅਪਣਾਉਣ ਲਈ ਉਨ੍ਹਾਂ ਵਲੋਂ ਕੀਤੀਆਂ ਲਗਾਤਾਰ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਕਿ,'' ਕੀ ਤੁਹਾਨੂੰ ਅਪਣੇ ਪੰਜਾਬੀ ਭੈਣ-ਭਰਾਵਾਂ ਦਾ ਕੋਈ ਫ਼ਿਕਰ ਨਹੀਂਂ।'' ਮਹਾਰਾਸ਼ਟਰਾ ਅਤੇ ਦਿੱਲੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਇਥੋਂ ਦੇ ਲੋਕਾਂ ਦੇ ਹੱਥ ਵਿਚ ਹੀ ਹੈ।

ਹਫ਼ਤਾਵਰੀ ਫੇਸਬੁੱਕ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੌਰਾਨ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਭਾਰਤ ਸਰਕਾਰ ਦੇ ਅਨਲਾਕ-3.0 ਸਬੰਧੀ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੀ ਸਰਕਾਰ ਵਲੋਂ 5 ਅਗੱਸਤ ਤੋਂ ਜਿੰਮ ਖੋਲਣ ਸਬੰਧੀ ਐਲਾਨ ਕੀਤਾ ਗਿਆ ਹੈ, ਇਸ ਦੇ ਚਲਦਿਆਂ ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਜਲਦ ਹੀ ਜਾਰੀ ਕੀਤੇ ਜਾਣ ਵਾਲੇ ਨਿਰਦੇਸ਼ਾਂ ਅਤੇ ਸੁਰੱਖਿਆ ਉਪਾਵਾਂ ਨੂੰ ਸਖਤੀ ਨਾਲ ਅਪਣਾਉਣਾ ਹੋਵੇਗਾ।

ਠੀਕ ਹੋ ਚੁੱਕੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ

ਕੋਵਿਡ ਹੋਣ ਬਾਰੇ ਜਲਦ ਪਤਾ ਕਰਨ ਅਤੇ ਸਾਵਧਾਨੀਆਂ ਅਪਣਾਏ ਜਾਣ ਦੀ ਮਹੱਤਤਾ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਅਪੀਲ ਨੂੰ ਦਹੁਰਾਇਆ ਕਿ ਠੀਕ ਹੋ ਚੁੱਕੇ ਕੋਵਿਡ ਮਰੀਜ਼ ਅਪਣਾ ਪਲਾਜ਼ਮਾ ਦਾਨ ਕਰਨ, ਜਿਸ ਖਾਤਰ ਸੂਬੇ ਅੰਦਰ ਇਕ ਪਲਾਜ਼ਮਾ ਬੈਂਕ ਪਹਿਲਾਂ ਹੀ ਚਾਲੂ ਹੋ ਚੁਕਿਆ ਹੈ ਅਤੇ ਦੋ ਹੋਰ ਸਥਾਪਤ ਕਰਨ ਦੀ ਤਿਆਰੀ ਮੁਕੰਮਲ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ, ਜੇਕਰ ਮੈਂ ਠੀਕ ਹੋਇਆ ਮਰੀਜ਼ ਹੁੰਦਾ ਤਾਂ ਮੈਂ ਅਪਣਾ ਪਲਾਜ਼ਮਾ ਜ਼ਰੂਰ ਦਿੰਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਪਲਾਜ਼ਮਾ ਮੁਫ਼ਤ ਮੁਹੱਈਆ ਕਰਵਾਉਣ ਲਈ ਪਹਿਲਾਂ ਹੀ ਨਿਰਦੇਸ਼ ਦਿਤੇ ਜਾ ਚੁੱਕੇ ਹਨ।

ਪਾਜ਼ੇਟਿਵ ਕੇਸਾਂ ਦੇ ਵਾਧੇ ਨੂੰ ਵੇਖਦਿਆਂ ਕੀਤੇ ਗਏ ਹਨ ਢੁਕਵੇਂ ਬੰਦੋਬਸਤ

ਇਕ ਲੁਧਿਆਣਾ ਵਾਸੀ ਵਲੋਂ ਬੈੱਡਾਂ ਦੀ ਉਪਲੱਬਧਤਾ ਬਾਰੇ ਕੋਵਾ ਐਪ 'ਤੇ ਰੋਜ਼ਾਨਾ ਜਾਣਕਾਰੀ ਮੁਹੱਈਆ ਕਰਵਾਉਣ ਲਈ ਕੀਤੀ ਅਪੀਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਬੰਧੀ ਪ੍ਰਬੰਧ ਕਰਨ ਲਈ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣਗੇ। ਉਨ੍ਹਾਂ ਭਰੋਸਾ ਦਿਤਾ ਕਿ ਬੈੱਡਾਂ ਦੀ ਕੋਈ ਕਮੀ ਨਹੀਂ ਹੈ ਕਿਉਂ ਜੋ ਕੇਸਾਂ ਵਿਚ ਵਾਧੇ ਨੂੰ ਵੇਖਦਿਆਂ ਪਹਿਲਾਂ ਹੀ ਢੁਕਵੇਂ ਬੰਦੋਬਸਤ ਕਰ ਲਏ ਗਏ ਸਨ। ਸ਼ੁਤਰਾਣਾ ਦੇ ਵਾਸੀ ਵਲੋਂ ਪੁੱਛੇ ਸਵਾਲ ਕਿ ਕਰੋਨਾ ਵਾਇਰਸ ਕਦੋਂ ਖ਼ਤਮ ਹੋਵੇਗਾ ਕਿ ਕਿਸੇ ਨੂੰ ਮਾਸਕ ਕਦੇ ਨਾ ਪਹਿਨਣਾ ਪਵੇ, ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਅੱਗੇ ਵੀ ਇਹੋ ਸਵਾਲ ਹੈ ਅਤੇ ਉਹ ਇਸ ਸਥਿਤੀ ਤੋਂ ਤੰਗ ਆ ਚੁੱਕੇ ਹਨ ਪਰ ਜਦੋਂ ਤੱਕ ਇਹ ਖ਼ਤਮ ਨਹੀਂ ਹੁੰਦਾ ਮਾਸਕ ਪਹਿਨਣ ਤੋਂ  ਇਲਾਵਾ ਹੋਰ ਕੋਈ ਹੱਲ ਨਹੀਂ,ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀ ਇਨ੍ਹਾਂ ਮੁਸ਼ਕਲ ਭਰੇ ਸਮੇਂ ਵਿਚੋਂ ਇਕੱਠੇ ਹੋ ਮਹਾਂਮਾਰੀ ਵਿਰੁਧ ਲੜਾਂਗੇ ਅਤੇ ਜਿੱਤਾਂਗੇ।