ਜ਼ਹਿਰੀਲੀ ਸ਼ਰਾਬ ਕਾਰਨ ਮਰ ਚੁਕਿਆਂ ਦੇ ਵਾਰਸਾਂ ਨੇ ਦੱਸੇ ਅਪਣੇ ਦੁਖੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿੰਮੇਵਾਰ ਲੋਕਾਂ ਵਿਰੁਧ ਕਾਰਵਾਈ ਅਤੇ ਮੁਆਵਜ਼ਾ ਵੀ ਮੰਗਿਆ

Photo

ਅੰਮ੍ਰਿਤਸਰ, 1 ਅਗੱਸਤ (ਪਰਮਿੰਦਰ ਜੀਤ) : ਜ਼ਹਿਰੀਲੀ ਸ਼ਰਾਬ ਕਾਰਨ ਅੰਮ੍ਰਿਤਸਰ ਦੇ ਪਿੰਡ ਮੁਛਲ ਵਿਚ ਹੋਈਆਂ ਮੌਤਾਂ ਨੇ ਘਰ-ਘਰ ਵਿਚ ਸਥਰ ਵਿੱਛਾ ਦਿਤੇ ਹਨ। ਹਰ ਘਰ ਵਿਚੋਂ ਆਉਂਦੀ ਦਿਲ ਚੀਰਵੇਂ ਵਿਰਲਾਪ ਦੀ ਆਵਾਜ਼ ਮੌਤ ਦੇ ਇਸ ਤਾਂਡਵ ਦੇ ਕਹਿਰ ਦਾ ਮੂੰਹ ਬੋਲਦਾ ਸਬੂਤ ਹੈ। ਜ਼ਹਿਰੀਲੀ ਸ਼ਰਾਬ ਪੀਣ ਵਾਲੇ ਜ਼ਿਆਦਾਤਰ ਲੋਕਾਂ ਵਿਚ ਉਹ ਲੋਕ ਸ਼ਾਮਲ ਸਨ ਜੋ ਦਿਹਾੜੀ ਕਰ ਕੇ ਗੁਜ਼ਾਰਾ ਕਰਦੇ ਸਨ। ਇਨ੍ਹਾਂ ਵਿਚੋਂ ਕੋਈ ਮਜ਼ਦੂਰੀ ਕਰਨ ਵਾਲਾ ਸੀ ਤੇ ਕੋਈ ਰਿਕਸ਼ਾ ਚਾਲਕ।

ਹਰ ਘਰ ਵਿਚਲੇ ਹਾਲਾਤ ਦਸਦੇ ਹਨ ਕਿ ਅਚਾਨਕ ਪਈ ਇਸ ਬਿਪਤਾ ਨੇ ਇਨ੍ਹਾਂ ਪਰਵਾਰਾਂ ਨੂੰ ਆਰਥਕ, ਮਾਨਸਕ ਤੌਰ 'ਤੇ ਤੋੜ ਕੇ ਰਖ ਦਿਤਾ ਹੈ। ਇਹ ਲੋਕ ਇਨੇ ਸਿੱਧੇ ਹਨ ਕਿ ਸਰਕਾਰ ਦੇ ਕੰਨਾਂ ਤਕ ਅਪਣੀ ਅਵਾਜ਼ ਵੀ ਨਹੀਂ ਪਹੁੰਚਾ ਸਕਦੇ। ਮੁਆਵਜ਼ਾ ਲੈ ਸਕਣਾ ਤਾਂ ਇਨ੍ਹਾਂ ਲਈ ਬਹੁਤ ਦੂਰ ਦੀ ਗਲ ਹੈ। ਅਚਾਨਕ ਆਈ ਇਸ ਬਿਪਤਾ ਨੇ ਇਨ੍ਹਾਂ ਪਰਵਾਰਾਂ ਦੀ ਦੋ ਵਕਤ ਦੀ ਰੋਟੀ 'ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿਤਾ ਹੈ।

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਨੌਜਵਾਨ ਕੁਲਦੀਪ ਸਿੰਘ ਦੀ ਮਾਤਾ ਜਗੀਰ ਕੌਰ ਨੇ ਦਸਿਆ ਕਿ ਪੁਲਿਸ ਕਦੇ-ਕਦੇ ਪਿੰਡ ਵਿਚ ਗੇੜਾ ਮਾਰਨ ਤਾਂ ਆਉਂਦੀ ਹੈ ਪਰ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਕੋਲੋਂ ਪੈਸੇ ਲੈ ਕੇ ਤੁਰਦੀ ਬਣਦੀ ਹੈ। ਉਨ੍ਹਾਂ ਦਸਿਆ ਕਿ ਮੇਰਾ ਇਕ ਪੁੱਤਰ ਅਮਰਜੀਤ ਸਿੰਘ ਵੀ ਇਸੇ ਤਰ੍ਹਾਂ ਨਾਲ ਜ਼ਹਿਰੀਲੀ ਸ਼ਰਾਬ ਪੀ ਕੇ 11 ਸਾਲ ਪਹਿਲਾਂ ਮਰ ਚੁੱਕਾ ਹੈ। ਜਗੀਰ ਕੌਰ ਨੇ ਦਸਿਆ ਕਿ ਸਾਡੇ ਘਰ ਦਾ ਗੁਜ਼ਾਰਾ ਕੁਲਦੀਪ ਸਿੰਘ ਦੀ ਆਮਦਨ ਨਾਲ ਹੀ ਚਲਦਾ ਸੀ। ਕੁਲਦੀਪ ਸਿੰਘ ਦੇ ਰਿਸ਼ਤੇਦਾਰ ਸਰਬਜੀਤ ਸਿੰਘ ਨੇ ਦਸਿਆ ਕਿ ਰਾਜਨੀਤਕ ਆਗੂ ਵੋਟਾਂ ਵਲੇ ਹੀ ਸਾਡੇ ਘਰਾਂ ਵਿਚ ਗੇੜੇ ਮਾਰਦੇ ਹਨ ਹੁਣ ਇਸ ਦੁਖ ਦੀ ਘੜੀ ਵਿਚ ਇਨ੍ਹਾਂ ਵੀ ਸਾਡੇ ਕੋਲੋ ਦੂਰੀ ਬਣਾਈ ਹੈ।

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਅਣਆਈ ਮੌਤ ਦਾ ਖਾਜਾ ਬਣੇ ਬਲਵਿੰਦਰ ਸਿੰਘ ਦੇ ਪੁੱਤਰ ਮਨਜੀਤ ਸਿੰਘ ਨੇ ਦਸਿਆ ਕਿ ਉਸ ਦਾ ਪਿਤਾ ਰਿਕਸ਼ਾ ਚਲਾਉਂਦਾ ਸੀ ਉਹ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦਾ ਸੇਵਨ ਕਰਦਾ ਸੀ ਪਰ ਜ਼ਹਿਰੀਲੀ ਸ਼ਰਾਬ ਉਸ ਦੀ ਮੌਤ ਦਾ ਕਾਰਨ ਬਣੀ। ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕਰੇ।

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰ ਚੁੱਕੇ ਜੋਗਾ ਸਿੰਘ ਦੇ ਘਰ ਆਏ ਰਿਸ਼ਤੇਦਾਰਾਂ ਨੇ ਦਸਿਆ ਕਿ ਉਸ ਦੀ 7 ਸਾਲ ਦੀ ਲੜਕੀ ਤੇ 3 ਸਾਲ ਦਾ ਲੜਕਾ ਹੈ। ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਰਾਤ ਭਰ ਉਹ ਘਬਰਾਹਟ ਮਹਿਸੂਸ ਕਰਦਾ ਰਿਹਾ। ਆਸਪਾਸ ਦੇ ਹਸਤਪਤਾਲਾਂ ਵਿਚ ਉਸ ਨੂੰ ਲੈ ਕੇ ਫਿਰਦੇ ਰਹੇ ਪਰ ਉਹ ਠੀਕ ਨਹੀਂ ਹੋ ਸਕਿਆ। ਜੋਗਾ ਸਿੰਘ ਦੀ ਰਿਸ਼ਤੇਦਾਰ ਸੰਦੀਪ ਕੌਰ ਨੇ ਦਸਿਆ ਕਿ ਪਿੰਡ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲੀ ਔਰਤ ਪੁਲਿਸ ਨੂੰ ਮਹੀਨਾ ਭਰਦੀ ਸੀ ਜਿਸ ਕਾਰਨ ਇਹ ਕਹਿਰ ਵਾਪਰਿਆ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਪੀੜਤ ਪਰਵਾਰਾਂ ਨੂੰ ਮੁਆਵਜ਼ਾ ਦੇਣ ਦੀ ਗਲ ਤਾਂ ਕਰਦੇ ਹਨ ਪਰ ਪਰਵਾਰ ਇਸ ਤੋਂ ਸ਼ੰਤੁਸ਼ਟ ਨਹੀਂ ਹਨ। ਪਰਵਾਰ ਚਾਹੁੰਦੇ ਹਨ ਕਿ ਸਾਨੂੰ ਘਟੋ-ਘਟ 5 ਲੱਖ ਰੁਪਏ ਮੁਆਵਜ਼ਾ ਤੇ ਇਕ ਇਕ ਸਰਕਾਰੀ ਨੌਕਰੀ ਦਿਤੀ ਜਾਵੇ।