ਨਵਜੋਤ ਸਿੰਘ ਸਿੱਧੂ ਦੀ ਦਹਾੜ 'ਅਸੀ ਵਖਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੁਣ ਨਵੇਂ ਅੰਦਾਜ਼ ਵਿਚ ਅਪਣਾ ਸੰਦੇਸ਼ ਦੇਣ ਲਈ ਗਿੱਪੀ ਗਰੇਵਾਲ ਦੇ ਗੀਤ ਨੂੰ ਮਾਧਿਅਮ ਬਣਾਇਆ ਗਿਆ ਹੈ।

Navjot Singh Sidhu

ਚੰਡੀਗੜ੍ਹ, 1 ਅਗੱਸਤ (ਗੁਰਉਪਦੇਸ਼ ਭੁੱਲਰ) : ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੁਣ ਨਵੇਂ ਅੰਦਾਜ਼ ਵਿਚ ਅਪਣਾ ਸੰਦੇਸ਼ ਦੇਣ ਲਈ ਗਿੱਪੀ ਗਰੇਵਾਲ ਦੇ ਗੀਤ ਨੂੰ ਮਾਧਿਅਮ ਬਣਾਇਆ ਗਿਆ ਹੈ। ਨਵਜੋਤ ਸਿੰਘ ਸਿੱਧੂ ਦੀ ਹੁਣ ਇਕ ਵੀਡੀਉ ਜਾਰੀ ਹੋਈ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਸੁੱਤੇ ਹੋਏ ਸ਼ੇਰ ਤੇ ਸ਼ਹੀਦ ਨੂੰ ਮਰਿਆ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਹੜੇ ਯੋਧੇ ਲੋਕਾਂ ਦੇ ਯੁੱਧ ਵਿਚ ਅਪਣਾ ਟੀਚਾ ਲੈ ਕੇ ਤੁਰ ਪੈਂਦੇ ਹਨ, ਉਹ ਅਪਣੇ ਸਾਰੇ ਰਿਸ਼ਤੇ ਨਾਤੇ ਪਿਛੇ ਛੱਡ ਦਿੰਦੇ ਹਨ। ਸਾਡਾ ਟੀਚਾ ਹੈ ਪੰਜਾਬ ਜਿੱਤੇਗਾ।

ਉਨ੍ਹਾਂ ਅਪਣੇ ਸੰਦੇਸ਼ ਵਿਚ ਗਿੱਪੀ ਗਰੇਵਾਲ ਦੇ ਗੀਤ ਰਾਹੀਂ ਦਿਤਾ ਜਿਸ ਦੇ ਬੋਲ ਹਨ ਕਿ 'ਅਸੀ ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ।' ਪ੍ਰੰਤੂ ਸਿੱਧੂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਜ਼ਾਲਮ ਸਰਕਾਰ ਕਿਸ ਨੂੰ ਕਹਿ ਰਹੇ ਹਨ। ਸਮਝਿਆ ਇਹੀ ਜਾ ਰਿਹਾ ਹੈ ਕਿ ਉਹ ਸੂਬੇ ਦੀ ਮੌਜੂਦਾ ਸਰਕਾਰ ਨੂੰ ਹੀ ਅਪਣੇ ਤਰੀਕੇ ਨਾਲ ਕੋਈ ਸੰਦੇਸ਼ ਦੇਣਾ ਚਾਹੀਦੇ ਹਨ।

ਡਾ. ਨਵਜੋਤ ਕੌਰ ਸਿੱਧੂ ਦੇ ਟਵੀਟ ਦੀ ਵੀ ਚਰਚਾ
ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਵਲੋਂ ਪਿਛਲੇ ਦਿਨੀਂ ਭਾਜਪਾ ਦੀ ਤਾਰੀਫ਼ ਵਾਲੇ ਕੀਤੇ ਟਵੀਟ ਦੀ ਵੀ ਸਿਆਸੀ ਹਲਕਿਆਂ ਤੇ ਭਾਜਪਾ ਦੀ ਪ੍ਰਦੇਸ਼ ਲੀਡਰਸ਼ਿਪ ਵਿਚ ਵੀ ਕਾਫ਼ੀ ਚਰਚਾ ਹੈ। ਇਸ ਟਵੀਟ ਵਿਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ਨਾਲ ਤਾਂ ਕੋਈ ਦਿੱਕਤ ਨਹੀਂ ਸੀ ਬਲਕਿ ਬਾਦਲਾਂ ਦੀ ਲੁੱਟ ਕਾਰਨ ਸਾਥ ਛੱਡਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇ ਭਾਜਪਾ 2017 ਵਿਚ ਇਕੱਲੇ ਚੋਣ ਲੜਦੀ ਤਾਂ ਸ਼ਾਇਦ ਜਿੱਤ ਵੀ ਮਿਲਦੀ।

ਇਸ ਟਵੀਟ 'ਤੇ ਪ੍ਰਤੀਕਿਰਿਆ ਵਿਚ ਸਾਬਕਾ ਭਾਜਪਾ ਮੰਤਰੀ ਮਾਸਟਰ ਮੋਹਨ ਲਾਲ ਨੇ ਤਾਂ ਇਥੋਂ ਤਕ ਕਹਿ ਦਿਤਾ ਹੈ ਕਿ ਹਾਲੇ ਵੀ ਸਮਾਂ ਹੈ ਕਿ ਸਿੱਧੂ ਜੋੜੀ ਅਪਣੇ ਘਰ ਵਾਪਸ ਭਾਜਪਾ ਵਿਚ ਪਰਤ ਆਏ। ਉਨ੍ਹਾਂ ਕਿਹਾ ਕਿ ਉਹ ਇਸ ਲਈ ਖ਼ੁਦ ਭਾਜਪਾ ਹਾਈਕਮਾਨ ਨੂੰ ਵੀ ਸਿਫ਼ਾਰਸ਼ ਕਰਨ ਲਈ ਤਿਆਰ ਹਨ। ਨਵਜੋਤ ਕੌਰ ਸਿੱਧੂ ਦੇ ਇਸ ਟਵੀਟ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜ ਪਈ ਹੈ ਕਿ ਜੇ ਸਿੱਧੂ ਨੂੰ ਕਾਂਗਰਸ ਨੇ ਇਸ ਸਮੇਂ ਨਾ ਸੰਭਾਲਿਆ ਤਾਂ ਉਹ ਭਾਜਪਾ ਵਲ ਨੂੰ ਵੀ ਭੁੱਖ ਕਰ ਸਕਦੇ ਹਨ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿਚ ਨਵਜੋਤ ਸਿੱਧੂ ਵਲੋਂ ਕੋਈ ਅਹਿਮ ਐਲਾਨ ਕਰਨ ਦੀਆਂ ਅਟਕਲਾਂ ਵੀ ਲੱਗ ਰਹੀਆਂ ਹਨ।