ਕੋਰੋਨਾ ਨੂੰ ਰੋਕਣ ਲਈ ਪੰਜਾਬ ਦੇ ਡੈਮਾਂ 'ਤੇ ਵੀ ਖ਼ਾਸ ਬੰਦੋਬਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ -19 ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਦੀਆਂ ਤਿਆਰੀਆਂ ਤਹਿਤ ਪੰਜਾਬ ਦੇ ਜਲ ਸਰੋਤ ਵਿਭਾਗ ਵਲੋਂ ਰਣਜੀਤ ਸਾਗਰ ਡੈਮ ਹਸਪਤਾਲ ...

Photo

ਚੰਡੀਗੜ੍ਹ, 1 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ -19 ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਦੀਆਂ ਤਿਆਰੀਆਂ ਤਹਿਤ ਪੰਜਾਬ ਦੇ ਜਲ ਸਰੋਤ ਵਿਭਾਗ ਵਲੋਂ ਰਣਜੀਤ ਸਾਗਰ ਡੈਮ ਹਸਪਤਾਲ ਵਿਚ ਆਈਸੋਲੇਸ਼ਨ ਕੇਂਦਰ ਸਥਾਪਤ ਕਰਨ ਤੋਂ ਇਲਾਵਾ ਇਸ ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸ਼ਾਹਪੁਰਕੰਡੀ ਟਾਊਂਨਸ਼ਿਪ ਵਿਖੇ ਕੁਆਰੰਟੀਨ ਕੇਂਦਰ ਵੀ ਬਣਾਇਆ ਗਿਆ ਹੈ।

ਰਣਜੀਤ ਸਾਗਰ ਡੈਮ ਦੇ ਚੀਫ਼ ਇੰਜਨੀਅਰ ਸ਼੍ਰੀ ਐਸ.ਕੇ. ਸਲੂਜਾ ਨੇ ਦਸਿਆ ਕਿ ਰਣਜੀਤ ਸਾਗਰ ਡੈਮ ਹਸਪਤਾਲ ਵਿਚ 40 ਬਿਸਤਰਿਆਂ ਦਾ ਆਈਸੋਲੇਸ਼ਨ ਕੇਂਦਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਪ੍ਰਾਜੈਕਟ ਸ਼ਾਹਪੁਰਕੰਡੀ ਟਾਊਂਨਸ਼ਿਪ ਵਿਖੇ ਮਰੀਜ਼ਾਂ, ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਕਰਮਚਾਰੀਆਂ ਦੀ ਕੋਰੋਨਾ ਤੋਂ ਸੁਰੱਖਿਆ ਯਕੀਨੀ ਬਣਾਉਣ ਲਈ ਟਾਊਂਨਸ਼ਿਪ, ਹਸਪਤਾਲ, ਬੈਂਕਾਂ, ਏ.ਟੀ.ਐਮਜ਼, ਸੁਰੱਖਿਆ ਬੈਰਕਾਂ, ਦਫ਼ਤਰਾਂ ਅਤੇ ਪੁਲਿਸ ਸਟੇਸ਼ਨ ਵਿਚ ਨਿਯਮਤ ਤੌਰ 'ਤੇ ਸੈਨੀਟਾਇਜ਼ਰ ਦਾ ਛਿੜਕਾਅ ਕੀਤਾ ਜਾਂਦਾ ਹੈ।

ਉਨ੍ਹਾਂ ਦਸਿਆ ਕਿ ਸ਼ਾਹਪੁਰਕੰਡੀ ਟਾਊਂਨਸ਼ਿਪ ਦੇ ਕੇਸ਼ਵ ਹਾਲ ਵਿਚ ਪ੍ਰਵਾਸੀ ਮਜ਼ਦੂਰਾਂ ਲਈ ਸਿਵਲ ਸੁਸਾਇਟੀ ਗਰੁਪ ਦੀ ਸਹਾਇਤਾ ਨਾਲ 125 ਵਿਅਕਤੀਆਂ ਲਈ ਕੁਆਰੰਟੀਨ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ। ਰਣਜੀਤ ਸਾਗਰ ਡੈਮ ਪ੍ਰਾਜੈਕਟ ਪ੍ਰਸ਼ਾਸਨ ਦੇ ਲਗਭਗ 12 ਵਾਹਨ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਸਬੰਧੀ ਡਿਊਟੀਆਂ ਲਈ ਦੇਣ ਤੋਂ ਇਲਾਵਾ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਅੱਠ ਅਧਿਕਾਰੀ ਕਾਰਜਕਾਰੀ ਮੈਜਿਸਟਰੇਟ ਵਜੋਂ ਡਿਊਟੀ ਨਿਭਾ ਰਹੇ ਹਨ ਤਾਂ ਜੋ ਜ਼ਿਲ੍ਹੇ ਵਿਚ ਸੂਬਾਈ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।