ਪੰਜਾਬ 'ਚ ਪਟਰੌਲ ਤੇ ਡੀਜ਼ਲ ਤੇ ਵੈਟ ਨਹੀਂ ਘਟਾਇਆ ਜਾ ਸਕਦਾ: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਦਿੱਲੀ ਤੋਂ ਪਹਿਲਾਂ ਹੀ ਘੱਟ ਹੈ ਇਹ ਵੈਟ J ਕੋਰੋਨਾ ਤੋਂ ਬਚਣ ਦੀਆਂ ਸਾਵਧਾਨੀਆਂ ਦੀ ਅਣਦੇਖੀ 'ਤੇ ਮੁੜ ਦਿਤੀ ਚੇਤਾਵਨੀ

Capt Amrinder Singh

ਚੰਡੀਗੜ੍ਹ, 1 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਪਟਰੌਲ ਤੇ ਡੀਜ਼ਲ ਤੋਂ ਲੱਗੇ ਵੈਟ ਨੂੰ ਦਿੱਲੀ ਵਾਂਗ ਘੱਟ ਕਰਨ ਦੀ ਮੰਗ ਰੱਦ ਕਰ ਦਿਤੀ ਹੈ। ਫੇਸਬੁੱਕ ਰਾਹੀਂ ਅਪਣੇ ਸਪਤਾਹਿਕ ਪ੍ਰੋਗਰਾਮ ਰੂਬਰੂ ਵਿਚ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਦਿੱਲੀ ਨਾਲੋਂ ਪਟਰੌਲ ਤੇ ਡੀਜ਼ਲ 'ਤੇ ਵੈਟ ਘੱਟ ਹੈ ਅਤੇ ਇਸ ਨੂੰ ਮੌਜੂਦਾ ਕੋਰੋਨਾ ਮਹਾਂਮਾਰੀ ਦੀ ਸਥਿਤੀ ਵਿਚ ਵਿੱਤੀ ਲੋੜਾਂ ਦੇ ਮੱਦੇਨਜ਼ਰ ਹੋਰ ਨਹੀਂ ਘਟਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਹੋਰ ਵਿੱਤੀ ਸਾਧਨ ਜੁਟਾਉਣ ਲਈ ਕਦਮ ਵੀ ਚੁਕੇ ਜਾਣਗੇ ਜਿਸ ਤਹਿਤ ਹੋਰ ਖੇਤਰਾਂ ਵਿਚ ਲੋਕਾਂ 'ਤੇ ਵਿੱਤੀ ਬੋਝ ਵੱਧ ਸਕਦਾ ਹੈ। ਸੂਬੇ ਵਿਚ 500 ਰੁਪਏ ਤੇ 1000 ਰੁਪਏ ਦੇ ਸਟੈਂਪ ਪੇਪਰਾਂ ਦੀ ਆ ਰਹੀ ਕਮੀ ਬਾਰੇ ਉਨ੍ਹਾਂ ਕਿਹਾ ਕਿ ਇਹ ਮਹਾਂਰਾਸ਼ਟਰ ਵਿਚ ਕੋਰੋਨਾ ਮਹਾਂਮਾਰੀ ਕਾਰਨ ਹੈ ਕਿਉਂਕਿ ਨਾਸਿਕ ਤੋਂ ਇਹ ਪੇਪਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰੈਸ ਵਿਚ ਲਾਕਡਾਊਨ ਰੋਕਾਂ ਹਟਣ ਬਾਅਦ ਹੁਣ ਸੋਮਵਾਰ ਤੋਂ ਸਟੈਂਪ ਪੇਪਰ ਪੰਜਾਬ ਆਉਣੇ ਸ਼ੁਰੂ ਹੋ ਜਾਣਗੇ ਅਤੇ 15 ਅਗੱਸਤ ਤਕ ਸੰਕਟ ਨਹੀਂ ਰਹੇਗਾ। ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਦੀ ਅਣਦੇਖੀ ਬਾਰੇ ਮੁੜ ਸਖ਼ਤ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀ ਪੰਜਾਬ ਨੂੰ ਬਚਾਉਣਾ ਹੈ ਜਿਸ ਕਰ ਕੇ ਸਮਾਜਕ ਦੂਰੀ, ਮਾਸਕ ਦੀ ਵਰਤੋਂ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਵੀ ਇਹ ਨਿਯਮ ਹੋਰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ਦਾ ਹਾਲ ਦੇਖੋ ਤੇ ਸੰਭਲ ਜਾਉ। ਭਾਵੇਂ ਅਸੀ ਬੀਮਾਰੀ ਨੂੰ ਹਾਲੇ ਕੰਟਰੋਲ ਕੀਤਾ ਹੋਇਆ ਹੈ ਪਰ ਅੱਗੇ ਪਤਾ ਨਹੀਂ ਕੀ ਹੋਣਾ ਹੈ। ਇਸ ਬੀਮਾਰੀ ਦਾ ਕਿਸੇ ਨੂੰ ਨਹੀਂ ਪਤਾ ਕਿੰਨੀ ਵਧਣੀ ਤੇ ਕਦੋਂ ਘਟਣੀ ਹੈ ਪਰ ਅਗੱਸਤ ਮਹੀਨੇ ਵਿਚ ਇਸ ਦਾ ਅੰਕੜਾ ਜ਼ਰੂਰ ਵਧਣਾ ਹੈ ਜਿਸ ਕਰ ਕੇ ਸਾਨੂੰ ਸਾਵਧਾਨੀ ਜ਼ਰੂਰ ਰੱਖਣੀ ਪਵੇਗੀ। ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਛੋਟ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਦੇਣੀ ਪੈਂਦੀ ਹੈ ਕਿਉਂਕਿ ਇਹ ਇਕ ਕੌਮੀ ਆਫ਼ਤ ਹੈ। ਉਨ੍ਹਾਂ ਕਿਹਾ ਕਿ ਹੁਣ 5 ਅਗੱਸਤ ਤੋਂ ਜਿੰਮ ਨਵੇਂ ਦਿਸ਼ਾ ਨਿਰਦੇਸ਼ਾਂ ਨਾਲ ਖੁਲ੍ਹ ਰਹੇ ਹਨ।