ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅੱਜ ਪੰਜਾਬ ਭਰ ’ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣਗੇ ਮੰਗ ਪੱਤਰ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅੱਜ ਪੰਜਾਬ ਭਰ ’ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣਗੇ ਮੰਗ ਪੱਤਰ

image

ਕੋਟਕਪੂਰਾ, 1 ਅਗੱਸਤ (ਗੁਰਿੰਦਰ ਸਿੰਘ) : 32ਵੇਂ ਦਿਨ ਬਰਗਾੜੀ ਇਨਸਾਫ਼ ਮੋਰਚੇ ਵਿਚ ਗਿ੍ਰਫ਼ਤਾਰੀ ਦੇਣ ਵਾਲੇ 29ਵੇਂ ਜਥੇ ਦੀ ਰਵਾਨਗੀ ਤੋਂ ਪਹਿਲਾਂ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਸਾਨ ਅੰਦੋਲਨ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਆਖਿਆ ਕਿ 600 ਤੋਂ ਜ਼ਿਆਦਾ ਕਿਸਾਨਾਂ ਵਲੋਂ ਸ਼ਹਾਦਤ ਦਾ ਜਾਮ ਪੀ ਲੈਣ ਦੇ ਬਾਵਜੂਦ ਵੀ ਕੇਂਦਰ ਦੀ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। 
ਅਪਣੇ ਸੰਬੋਧਨ ਦੌਰਾਨ ਸਿਮਰਨਜੀਤ ਸਿੰਘ ਮਾਨ ਸਮੇਤ ਜਸਕਰਨ ਸਿੰਘ ਕਾਹਨ ਵਾਲਾ ਅਤੇ ਹੋਰ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ, ਇਸੇ ਕਰ ਕੇ ਅਜੇ ਤਕ ਦੋਸ਼ੀ ਫੜੇ ਨਹੀਂ ਗਏ ਪਰ ਜਦ ਤਕ ਪੰਥਦੋਖੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ ਉਦੋਂ ਤਕ ਇਨਸਾਫ਼ ਮੋਰਚਾ ਜਾਰੀ ਰਹੇਗਾ। ਗੁਰਦੁਆਰਾ ਸਾਹਿਬ ’ਚ ਅਰਦਾਸ ਬੇਨਤੀ ਕਰਨ ਤੋਂ ਬਾਅਦ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਜੱਥੇ ਨੂੰ ਰਵਾਨਾ ਕਰਦਿਆਂ ਕਿਹਾ ਕਿ ਪੰਜਾਬ ਭਰ ਵਿਚ ਸੂਬਾ ਸਰਕਾਰ ਦੇ ਨਾਂਅ ਇਨਸਾਫ਼ ਦੀ ਮੰਗ ਨੂੰ ਲੈ ਕੇ 2 ਅਗੱਸਤ ਨੂੰ ਯਾਦ ਪੱਤਰ ਦਿਤੇ ਜਾਣਗੇ ਅਤੇ 8 ਅਗੱਸਤ ਨੂੰ ਬਰਗਾੜੀ ਵਿਖੇ ਵਿਸ਼ਾਲ ਧਰਨਾ ਲਾਇਆ ਜਾਵੇਗਾ। ਜਸਕਰਨ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਬਲਰਾਜ ਸਿੰਘ ਖ਼ਾਲਸਾ ਤੇ ਕੁਲਵਿੰਦਰ ਸਿੰਘ ਖ਼ਾਲਿਸਤਾਨੀ ਆਦਿ ਨੇ ਕਿਹਾ ਕਿ ਅਸੀ ਗਿ੍ਰਫ਼ਤਾਰੀਆਂ ਤੋਂ ਡਰਨ ਵਾਲੇ ਨਹੀਂ, ਇਸ ਲਈ ਸਾਨੂੰ ਗਿ੍ਰਫ਼ਤਾਰ ਕਰਨ ਦੀ ਬਜਾਏ ਬੇਅਦਬੀ ਕਰਨ ਅਤੇ ਸੰਗਤਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਸਰਕਾਰ ਗਿ੍ਰਫ਼ਤਾਰ ਕਰੇ। 
ਉਨ੍ਹਾਂ ਕਿਹਾ ਕਿ ਰੋਸ ਵਜੋਂ 1 ਜੁਲਾਈ ਤੋਂ ਇਨਸਾਫ਼ ਮੋਰਚਾ ਮੁੜ ਸ਼ੁਰੂ ਕੀਤੇ ਜਾਣ ਤੋਂ ਬਾਅਦ 4 ਜੁਲਾਈ ਤੋਂ ਗਿ੍ਰਫ਼ਤਾਰੀਆਂ ਦੇਣ ਦਾ ਆਗਾਜ਼ ਕੀਤਾ ਗਿਆ ਅਤੇ ਉਸ ਸਮੇਂ ਤਕ ਪੰਥਦਰਦੀ ਗਿ੍ਰਫ਼ਤਾਰੀਆਂ ਹਰ ਰੋਜ਼ ਦਿੰਦੇ ਰਹਿਣਗੇ ਜਦ ਤਕ ਇਨਸਾਫ਼ ਮੋਰਚੇ ਦੀਆਂ ਅਣਗੋਲੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਗਿ੍ਰਫ਼ਤਾਰੀ ਦੇਣ ਵਾਲੇ ਜਥੇ ਵਿਚ ਸ਼ਾਮਲ ਪੰਜ ਸਿੰਘਾਂ ਬਲਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ, ਪ੍ਰੀਤਪਾਲ ਸਿੰਘ ਅਤੇ ਕਰਮਜੀਤ ਸਿੰਘ ਦਾ ਸਿਰੋਪਾਉ ਪਾ ਕੇ ਸਨਮਾਨ ਵੀ ਕੀਤਾ ਗਿਆ।