ਵਫ਼ਾਦਾਰੀ ਦੀ ਮਿਸਾਲ ਬਣਿਆ ਇਹ ਕੁੱਤਾ, ਪਿੰਡ ਵਾਸੀਆਂ ਦੇ ਦੁੱਖ-ਸੁੱਖ ਵਿਚ ਹੁੰਦਾ ਸ਼ਰੀਕ
ਪਿੰਡ ਵਾਸੀਆਂ ਨੇ ਸਤਿਕਾਰ ਵਜੋਂ ਪ੍ਰਧਾਨ ਦੇ ਨਾਮ ਨਾਲ ਨਿਵਾਜਿਆ
ਮੋਗਾ (ਦਲੀਪ ਕੁਮਾਰ) ਜੇਕਰ ਜਾਨਵਰਾਂ ਵਿਚ ਵਫ਼ਾਦਾਰੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚੋਂ ਕੁੱਤਾ ਸਭ ਤੋਂ ਪਹਿਲੇ ਨੰਬਰ ’ਤੇ ਆਉਂਦਾ ਹੈ ਕਿਉਂਕਿ ਇਹ ਮਾਲਕ ਦੇ ਪ੍ਰਤੀ ਸਭ ਤੋਂ ਵਫ਼ਾਦਾਰ ਗਿਣਿਆ ਜਾਂਦਾ ਹੈ। ਇਸ ਦੀ ਸੁੰਘਣ ਸ਼ਕਤੀ ਵੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਵੱਡੇ ਤੋਂ ਵੱਡੇ ਕ੍ਰਾਈਮ ਨੂੰ ਪਲਾਂ ਵਿਚ ਹੱਲ ਕਰ ਸਕਦਾ ਹੈ।
ਪਰ ਜਦੋਂ ਵਫਾਦਾਰੀ ਤੋਂ ਅੱਗੇ ਗੱਲ ਸਮਝਦਾਰੀ, ਜਜ਼ਬਾਤ ਅਤੇ ਅਪਣੱਤ ਦੀ ਆਉਂਦੀ ਹੈ ਤਾਂ ਕੁੱਤਾ ਇੱਥੇ ਵੀ ਅੱਵਲ ਹੀ ਆਉਂਦਾ ਹੈ। ਅਜਿਹੀ ਹੀ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਬਾਬੀਹਾ ਭਾਈ ਵਿਚ ਰਹਿੰਦੇ ਕੁੱਤੇ ਨੇ ਪੇਸ਼ ਕੀਤੀ ਹੈ, ਜਿਸ ਨੂੰ ਲੋਕ ਪ੍ਰਧਾਨ ਦੇ ਨਾਮ ਨਾਲ ਬੁਲਾਉਂਦੇ ਹਨ।
ਇਹ ਕੁੱਤਾ ਪਿਛਲੇ 7-8 ਸਾਲਾਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਹੈ ਅਤੇ ਇਸਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਵੇਖਿਆ ਜਾਂਦਾ ਹੈ। ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪਿੰਡ ਵਿਚ ਜੇ ਕਿਸੇ ਘਰ ਕੋਈ ਮੌਤ ਹੋ ਜਾਂਦੀ ਹੈ ਤਾਂ ਇਹ ਸ਼ਮਸ਼ਾਨ ਘਾਟ ਜਾਣ ਤੋਂ ਇਲਾਵਾ ਫੁੱਲਾਂ ਦੀ ਰਸਮ ਅਤੇ ਭੋਗ ਤਕ ਮੌਜੂਦ ਰਹਿੰਦਾ ਹੈ।
ਪਿੰਡ ਵਾਸੀਆਂ ਮੁਤਾਬਕ ਇਸ ਦੇ ਪਿੰਡ ਨਾਲ ਪਿਛਲੇ ਜਨਮ ਦੇ ਸਬੰਧ ਹੋ ਸਕਦੇ ਹਨ। ਇਹ ਨਾ ਤਾਂ ਜ਼ਿਆਦਾ ਖਾਂਦਾ ਹੈ ਅਤੇ ਨਾ ਹੀ ਕਿਸੇ ਦੇ ਪਿੱਛੇ ਭੱਜਦਾ ਹੈ, ਪਿੰਡ ਵਾਸੀ ਮੰਨਦੇ ਹਨ ਕਿ ਇਸ ਵਿਚ ਪਿੰਡ ਨਾਲ ਸਬੰਧਤ ਕਿਸੇ ਭਲੇ ਪੁਰਸ਼ ਦੀ ਰੂਹ ਹੈ। ਜਦੋਂ ਇਹ ਬਹੁਤ ਛੋਟਾ ਕਤੂਰਾ ਸੀ, ਤਦ ਤੋਂ ਇੱਥੇ ਰਹਿ ਰਿਹਾ ਹੈ। ਹੁਣ ਪਿੰਡ ਦੇ ਲੋਕ ਸਤਿਕਾਰ ਵਜੋਂ ਇਸਨੂੰ ਪ੍ਰਧਾਨ ਦੇ ਨਾਮ ਨਾਲ ਬੁਲਾਉਂਦੇ ਹਨ।