ਸਪੀਕਰ ਕੁਲਤਾਰ ਸੰਧਵਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜਲੀਆਂ ਸਰਾਵਾਂ ਨੂੰ GST ਦੇ ਘੇਰੇ ਵਿਚ ਲਿਆਉਣ ਦੇ ਫੈਸਲੇ ਦੀ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- ਕੇਂਦਰ ਸਰਕਾਰ ਤੁਗਲਕੀ ਫ਼ਰਮਾਨ ਤੁਰੰਤ ਵਾਪਸ ਲਵੇ - ਸਪੀਕਰ

Kultar Sandhwa


 

ਚੰਡੀਗੜ੍ਹ :  ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੇੜਲੀਆਂ ਸਰਾਵਾਂ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਦੀ ਨਿਖੇਧੀ ਕੀਤੀ ਹੈ। ਇੱਥੋਂ ਜਾਰੀ ਬਿਆਨ ਵਿੱਚ ਸੰਧਵਾਂ ਨੇ ਕਿਹਾ ਕਿ ਗੁਰੂ ਘਰ ਦੇ ਦਰਵਾਜੇ ਸਮਾਜ ਦੇ ਹਰ ਵਰਗ, ਹਰ ਧਰਮ ਲਈ 24 ਘੰਟੇ ਖੁੱਲ੍ਹੇ ਰਹਿੰਦੇ ਹਨ।  ਗੁਰੂ ਦਾ ਲੰਗਰ ਅਤੇ ਗੁਰੂ ਘਰਾਂ ਦੀਆਂ ਸਰਾਵਾਂ ਰਾਹਗੀਰਾਂ ਅਤੇ  ਸ਼ਰਧਾਲੂਆਂ ਲਈ ਇੱਕ ਵੱਡਾ ਸਹਾਰਾ ਹਨ।  

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੇੜਲੀਆਂ ਸਰਾਵਾਂ 'ਤੇ 12 ਫੀਸਦੀ ਜੀ.ਐਸ.ਟੀ  ਲਗਾਕੇ ਮੁਗਲਾਂ ਵੱਲੋਂ ਜਜ਼ੀਆ ਵਸੂਲਣ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੇ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ ਤਾਂ ਜੋ ਇਸ ਨਾਲ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਵਿੱਚ ਇੱਕ ਚੰਗਾ ਸੁਨੇਹਾ ਜਾਵੇ। ਉਹਨਾਂ ਕਿਹਾ ਕਿ ਇਹਨਾਂ ਸਰਾਵਾਂ ਦਾ ਮਕਸਦ ਕੋਈ ਮੁਨਾਫ਼ਾ ਕਮਾਉਣ ਨਹੀਂ ਹੈ ਬਲਕਿ ਇਹ ਸਰਾਵਾਂ ਸਿੱਖ ਧਰਮ ਦੀ ਵਿਲੱਖਣ ਰਵਾਇਤ ਅਨੁਸਾਰ ਸ਼ਰਧਾਲੂਆਂ ਨੂੰ ਆਰਾਮਦਾਇਕ ਠਹਿਰ ਮੁੱਹਈਆ ਕਰਵਾਉਂਦੀਆਂ ਹਨ।